ਪੰਜ ਮਹੀਨੇ ਬੀਤੇ ਪਰ ਡੇਢ ਕਿਲੋਮੀਟਰ ਸੜਕ ਨਾ ਬਣੀ, ਰਾਹਗੀਰ ਪਰੇਸ਼ਾਨ
ਪੰਜ ਮਹੀਨੇ ਬੀਤੇ ਪਰ ਡੇਢ ਕਿਲੋਮੀਟਰ ਸੜਕ ਨਾ ਬਣੀ
Publish Date: Mon, 16 Mar 2026 07:13 PM (IST)
Updated Date: Tue, 17 Mar 2026 04:10 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਨੇੜਲੇ ਪਿੰਡ ਕਾਉਂਕੇ ਖੋਸਾ ਤੋਂ ਡੱਲਾ ਮਾਰਗ ਨੂੰ ਜੋੜਦੀ ਸਿਰਫ਼ ਡੇਢ ਕਿਲੋਮੀਟਰ ਲਿੰਕ ਸੜਕ ਪੰਜ ਮਹੀਨੇ ਬੀਤਣ ’ਤੇ ਵੀ ਨਾ ਬਣੀ। ਹਾਲਾਂਕਿ ਸੜਕ ਨਿਰਮਾਣ ਦਾ ਉਦਘਾਟਨ ਕਰਦਿਆਂ ਵਿਧਾਇਕਾ ਨੇ 15 ਦਿਨਾਂ ਵਿਚ ਸੜਕ ਬਣਾਉਣ ਦਾ ਦਾਅਵਾ ਕੀਤਾ ਸੀ। ਸੜਕ ਦੇ ਅਧੂਰੇ ਨਿਰਮਾਣ ਕਾਰਨ ਜਿੱਥੇ ਰਾਹਗੀਰ ਪਰੇਸ਼ਾਨ ਹਨ,ਉਥੇ ਇਸ ਸੜਕ ਤੋਂ ਲੰਘਦੇ ਵਾਹਨ ਚਾਲਕ ਸੜਕ ’ਤੇ ਪਏ ਟੋਇਆਂ ਕਾਰਨ ਡਾਹਢੇ ਪਰੇਸ਼ਾਨ ਹਨ। ਵਰਣਨਯੋਗ ਹੈ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ 5 ਮਹੀਨੇ ਪਹਿਲਾਂ ਪੰਜਾਬ ਮੰਡੀਬੋਰਡ ਦੀ ਟੀਮ ਨਾਲ ਇਸ ਸੜਕ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਇਆ ਸੀ। ਇਸ ਮੌਕੇ ਇਸ ਸੜਕ ਦਾ ਨਿਰਮਾਣ ਸਿਰਫ਼ 15 ਦਿਨਾਂ ਵਿਚ ਮੁਕੰਮਲ ਕਰਨ ਦੇ ਦਾਅਵੇ ਕੀਤੇ ਤਾਂ ਇਲਾਕੇ ਦੇ ਲੋਕ ਬੇਹਦ ਖੁਸ਼ ਸਨ। ਇਸ ਦਾਅਵੇ ਨੂੰ ਪੰਜ ਮਹੀਨੇ ਬੀਤ ਚੱਲੇ ਹਨ ਪਰ ਮੰਡੀ ਬੋਰਡ ਵੱਲੋਂ ਲਿੰਕ ਸੜਕ ’ਤੇ ਵੱਟੇ ਪਾ ਕੇ ਪ੍ਰੀਮਿਕਸ ਪਾਉਣਾ ਭੁੱਲ ਗਿਆ, ਜਿਸ ਕਾਰਨ ਲੋਕ ਅਧੂਰੇ ਨਿਰਮਾਣ ਵਾਲੀ ਇਸ ਲਿੰਕ ਸੜਕ ਤੋਂ ਬੇੱਹਦ ਪਰੇਸ਼ਾਨ ਹਨ। ਸਾਬਕਾ ਪੰਚ ਹਰਦੇਵ ਸਿੰਘ ਮਿੰਟੂ ਨੇ ਦੱਸਿਆ ਕਿ ਲਿੰਕ ਸੜਕ ਹੋਣ ਕਾਰਨ ਕਿਸਾਨਾਂ ਨੂੰ ਕਈ ਕਈ ਵਾਰ ਦਿਨ ਰਾਤ ਨੂੰ ਆਪਣੇ ਖੇਤਾਂ ਵਿੱਚ ਆਉਣਾ ਜਾਣਾ ਪੈਂਦਾ ਹੈ ਪਰ ਪਾਏ ਪੱਥਰਾਂ ਕਾਰਨ ਆਵਾਜਾਈ ਤੇ ਖੇਤੀਬਾੜੀ ਦੇ ਸਾਧਨਾ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਹੋਲਾ ਮਹੱਲਾ ਨੂੰ ਜਾਂਦੀਆਂ ਸੰਗਤਾਂ ਲਈ 8 ਦਿਨ ਲੰਗਰ ਲਗਾਇਆ ਜਾਂਦਾ ਹੈ। ਪਰ ਇਸ ਵਾਰ ਇਸ ਸੜਕ ਤੋਂ ਲੰਘਦਿਆਂ ਸੰਗਤਾਂ ਵੀ ਪਰੇਸ਼ਾਨ ਹੋਈਆਂ। ਜਦਕਿ ਇਸ ਲੰਗਰ ਲਗਾਉਣ ਤੋਂ ਪਹਿਲਾਂ ਵਿਧਾਇਕਾ ਨੂੰ ਸੜਕ ਨਾ ਬਨਣ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਈ। ਇਸ ਸਬੰਧੀ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕਈ ਥਾਵਾਂ ’ਤੇ ਸੜਕ ਨਿਰਮਾਣ ਦੇ ਕੰਮ ਚੱਲ ਰਹੇ ਹਨ, ਜਲਦੀ ਹੀ ਇਸ ਸੜਕ ‘ਤੇ ਪ੍ਰੀਮਿਕਸ ਪੁਆ ਦਿੱਤੀ ਜਾਵੇਗੀ।