ਵਾਰਦਾਤ ਅੰਜਾਮ ਦੇਣ ਦੀ ਤਿਆਰੀ ਕਰਦੇ 5 ਗ੍ਰਿਫਤਾਰ, ਇਕ ਫ਼ਰਾਰ
ਅਪਰਾਧਿਕ ਵਾਰਦਾਤ ਅੰਜਾਮ ਦੇਣ ਦੀ ਤਿਆਰੀ ਕਰਦੇ ਪੰਜ ਗ੍ਰਿਫਤਾਰ, ਇੱਕ ਫਰਾਰ
Publish Date: Thu, 05 Mar 2026 08:02 PM (IST)
Updated Date: Fri, 06 Mar 2026 04:15 AM (IST)

* ਤਿੰਨ ਮੋਟਰਸਾਈਕਲ, ਤਲਵਾਰਾਂ ਤੇ ਰਾਡਾਂ ਬਰਾਮਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕੋਈ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਥਿਆਰਬੰਦ ਗੈਂਗ ਦੇ ਮੈਂਬਰਾਂ ਨੂੰ ਥਾਣਾ ਜਮਾਲਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਸਾਹਿਲ ਸਿੰਘ ਵਾਸੀ ਐਮਆਈਜੀ ਫਲੈਟ ਜਮਾਲਪੁਰ, ਜਗਜੀਤ ਸਿੰਘ ਵਾਸੀ ਗੋਬਿੰਦ ਨਗਰ ਭਾਮੀਆਂ ਕਲਾਂ, ਅਨਮੋਲ ਰਤਨ ਸਿੰਘ ਵਾਸੀ ਬਾਗੀ ਕਲੋਨੀ ਤਾਜਪੁਰ, ਕਰਮਜੀਤ ਸਿੰਘ ਵਾਸੀ ਗਰੀਨ ਸਿਟੀ ਕਲੋਨੀ ਭੂਖੜੀ ਕਲਾਂ ਅਤੇ ਮੋਹਿਤ ਵਾਸੀ ਸਰਪੰਚ ਕਲੋਨੀ ਪਿੰਡ ਤਾਜਪੁਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਫਿਲੋਰ ਦਾ ਰਹਿਣ ਵਾਲਾ ਪਾਰਸ ਅਜੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਥਾਣਾ ਜਮਾਲਪੁਰ ਪੁਲਿਸ ਨੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੇ ਬਿਆਨ ਉੱਪਰ ਮੁਲਜ਼ਮਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਮੁਤਾਬਕ ਇਲਾਕੇ ਵਿੱਚ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਰੂਪ ਵਿੱਚ ਜਾਣਕਾਰੀ ਮਿਲੀ ਸੀ ਕੀ ਮੁੰਡੀਆਂ ਕਲਾਂ ਆਸ਼ਿਆਨਾ ਪਾਰਕ ਇਲਾਕੇ ਵਿੱਚ ਇੱਕ ਗੈਂਗ ਦੇ ਕੁਝ ਮੈਂਬਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜੁਗਤ ਬਣਾ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਰੇਡ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਪੁਲਿਸ ਦੇ ਹੱਥ ਨਹੀਂ ਲੱਗਾ। ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਟਰਸਾਈਕਲ, ਦੋ ਕਿਰਪਾਨਾਂ, ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰ ਬਰਾਮਦ ਕਰ ਲਏ ਹਨ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿਛ ਦੌਰਾਨ ਉਨ੍ਹਾਂ ਵੱਲੋਂ ਪਹਿਲਾਂ ਅੰਜਾਮ ਦਿੱਤੀਆਂ ਵਾਰਦਾਤਾਂ ਸਬੰਧੀ ਅਹਿਮ ਸੁਰਾਗ ਹੱਥ ਲੱਗਣਗੇ।