ਹੈਰਾਨ ਕਰਨ ਵਾਲੀ ਠੱਗੀ : ਪਹਿਲਾਂ 20 ਰੁਪਏ ਦਾ ਕੁਲਚਾ ਖਾਧਾ, ਪੈਰ ਛੂਹੇ ਫਿਰ 20 ਹਜ਼ਾਰ ਰੁਪਏ ਲੈ ਕੇ ਫਰਾਰ, ਘਟਨਾ CCTV ’ਚ ਕੈਦ
ਖੰਨਾ ਦੇ ਸੱਰਾਫਾ ਬਾਜ਼ਾਰ ’ਚ ਦਿਨ ਦਿਹਾੜੇ ਇੱਕ ਹੈਰਾਨ ਕਰਨ ਵਾਲੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਚਲਾਕ ਨੌਜਵਾਨ ਨੇ ਕੁਲਚਾ ਵਿਕਰੇਤਾ ਨੂੰ ਗੱਲਾਂ ’ਚ ਲਗਾ ਕੇ ਉਸ ਦੀ ਜੇਬ ’ਚੋਂ ਲਗਪਗ 20 ਹਜ਼ਾਰ ਰੁਪਏ ਕੱਢ ਲਏ ਤੇ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਨਜ਼ਦੀਕੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਮੁਲਜ਼ਮ ਦੀ ਭਾਲ ’ਚ ਜੁੱਟ ਗਈ ਹੈ।
Publish Date: Sun, 15 Feb 2026 12:28 PM (IST)
Updated Date: Sun, 15 Feb 2026 12:32 PM (IST)
ਜ.ਸ, ਖੰਨਾ। ਖੰਨਾ ਦੇ ਸੱਰਾਫਾ ਬਾਜ਼ਾਰ ’ਚ ਦਿਨ ਦਿਹਾੜੇ ਇੱਕ ਹੈਰਾਨ ਕਰਨ ਵਾਲੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਚਲਾਕ ਨੌਜਵਾਨ ਨੇ ਕੁਲਚਾ ਵਿਕਰੇਤਾ ਨੂੰ ਗੱਲਾਂ ’ਚ ਲਗਾ ਕੇ ਉਸ ਦੀ ਜੇਬ ’ਚੋਂ ਲਗਪਗ 20 ਹਜ਼ਾਰ ਰੁਪਏ ਕੱਢ ਲਏ ਤੇ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਨਜ਼ਦੀਕੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਮੁਲਜ਼ਮ ਦੀ ਭਾਲ ’ਚ ਜੁੱਟ ਗਈ ਹੈ।
ਜਾਣਕਾਰੀ ਅਨੁਸਾਰ ਸਰਾਫਾ ਮਾਰਕੀਟ ’ਚ ਕੁਲਚੇ ਦੀ ਰੇਹੜੀ ਲਗਾਉਣ ਵਾਲੇ ਬਰੇਲੀ ਨਾਂ ਦੇ ਵਿਅਕਤੀ ਕੋਲ ਇੱਕ ਨੌਜਵਾਨ ਆਇਆ ਤੇ ਉਸ ਨੇ 20 ਰੁਪਏ ਦਾ ਕੁਲਚਾ ਖਾਧਾ। ਸੀਸੀਟੀਵੀ ਫੁਟੇਜ ’ਚ ਵਿਖ ਰਿਹਾ ਹੈ ਕਿ ਕੁਲਚਾ ਖਾਣ ਤੋਂ ਬਾਅਦ ਨੌਜਵਾਨ ਨੇ ਪਿਆਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਰੇਹੜੀ ਵਾਲੇ ਨਾਲ ਹਾਸਾ-ਮਜ਼ਾਕ ਕਰਦੇ ਹੋਏ ‘ਚਾਚਾ-ਚਾਚਾ’ ਕਹਿ ਕੇ ਉਸ ਦੇ ਨੇੜੇ ਆ ਗਿਆ ਤੇ ਸਨਮਾਨ ਦਰਸਾਉਣ ਉਸ ਦੇ ਪੈਰ ਛੂਹਣ ਲੱਗਾ।
ਇਸ ਦੌਰਾਨ ਉਸਨੇ ਬੜੀ ਚਾਲਾਕੀ ਨਾਲ ਰੇਹੜੀ ਵਾਲੇ ਦੀ ਜੇਬ ’ਚ ਹੱਥ ਪਾ ਕੇ ਲਗਪਗ 20 ਹਜ਼ਾਰ ਰੁਪਏ ਕੱਢ ਲਏ ਤੇ ਉਥੋਂ ਨਿਕਲ ਗਿਆ। ਕੁਝ ਦੇਰ ਬਾਅਦ ਜਦੋਂ ਬਰੇਲੀ ਨੇ ਆਪਣੀ ਜੇਬ ਚੈੱਕ ਕੀਤੀ ਤਾਂ ਉਸ ’ਚ ਰੱਖੀ ਨਕਦੀ ਗਾਇਬ ਸੀ। ਇਹ ਦੇਖ ਕੇ ਉਸ ਨੇ ਤੁਰੰਤ ਉਕਤ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਪੀੜਿਤ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਉਸ ਕੋਲ ਕੁਲਚਾ ਖਾਣ ਆਇਆ ਸੀ, ਇਸ ਲਈ ਉਸ ਨੂੰ ਉਸ ’ਤੇ ਕੋਈ ਸ਼ੱਕ ਨਹੀਂ ਹੋਇਆ।