ਜਗਰਾਓਂ ਤੋਂ ਪਹਿਲੀ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਹੋਈ ਰਵਾਨਾ
ਜਗਰਾਓਂ ਤੋਂ ਪਹਿਲੀ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਹੋਈ
Publish Date: Mon, 02 Feb 2026 06:39 PM (IST)
Updated Date: Tue, 03 Feb 2026 04:11 AM (IST)

ਦੂਜੀ ਬੱਸ 5 ਨੂੰ ਬਹਾਦਰਕੇ ਪਿੰਡ ਤੋਂ ਹੋਵੇਗੀ ਰਵਾਨਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਦਰਸ਼ਨੇ ਦੀਦਾਰ ਨੂੰ ਪਹਿਲੀ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਹੋਈ। ਸੋਮਵਾਰ ਸਵੇਰੇ ਸਥਾਨਕ ਤਹਿਸੀਲ ਚੌਂਕ ਤੋਂ ਢੋਲ ਦੀ ਥਾਪ ਅਤੇ ਜੈਕਾਰਿਆਂ ਦੀ ਗੂੰਜ ਵਿਚ ਇਸ ਪਹਿਲੀ ਬੱਸ ਯਾਤਰਾ ਨੂੰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਬਜ਼ੁਰਗਾਂ ਲਈ ਤੀਰਥ ਯਾਤਰਾ ਬੱਸਾਂ ਤੋਹਫ਼ਾ ਹਨ। ਇਹ ਬੱਸਾਂ ਪੰਜਾਬ ਦੇ ਹਰ ਇੱਕ ਸ਼ਹਿਰ, ਪਿੰਡ ਦੀਆਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਇਹ ਬੱਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਨਾ ਮੰਦਰ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਉਪਰੰਤ ਜ਼ਲਿ੍ਹਆਂਵਾਲਾ ਬਾਗ ਅਤੇ ਬਾਘਾ ਬਾਰਡਰ ’ਤੇ ਜਾਵੇਗੀ। ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਨਾਲ ਨਾਲ ਦੇਸ਼ ਭਗਤਾਂ ਦੀ ਯਾਦਗਾਰਾਂ ਅਤੇ ਆਜ਼ਾਦੀ ਸੰਗਰਾਮ ’ਚ ਅੰਗਰੇਜ਼ ਹਕੂਮਤ ਦੇ ਜਬਰ, ਜ਼ੁਲਮ ਦੇ ਗਵਾਹ ਜ਼ਲਿ੍ਹਆਂਵਾਲਾ ਬਾਗ ਵੀ ਦੇਖਣਗੇ। ਉਨ੍ਹਾਂ ਦੱਸਿਆ ਕਿ ਜਗਰਾਓਂ ਤੋਂ ਦੂਜੀ ਬੱਸ 5 ਫਰਵਰੀ ਨੂੰ ਬੇਟ ਇਲਾਕੇ ਦੇ ਪਿੰਡ ਬਹਾਦਰਕੇ ਤੋਂ ਰਵਾਨਾ ਹੋਵੇਗੀ। ਵਿਧਾਇਕਾ ਮਾਣੂੰਕੇ ਅਨੁਸਾਰ ਜਗਰਾਓਂ ਹਲਕੇ ਦੇ ਸਾਰੇ 194 ਬੂਥਾਂ ਤੋਂ ਵੱਖ ਵੱਖ ਧਾਰਮਿਕ ਸਥਾਨਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸਾਂ ਰਵਾਨਾ ਹੋਣਗੀਆਂ। ਉਨ੍ਹਾਂ ਇਲਾਕੇ ਦੇ ਬਜ਼ੁਰਗਾਂ ਨੂੰ ਇਸ ਤੀਰਥ ਯਾਤਰਾ ਦਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪਵਨਦੀਪ ਕੌਰ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ, ਮਿੰਟੂ ਮਾਣੂੰਕੇ ਆਦਿ ਹਾਜ਼ਰ ਸਨ।