- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੜੀ ਮਨਾਉਣ ਮੌਕੇ ਝਗੜੇ ਵਿੱਚ ਹੋਈ ਫਾਇਰਿੰਗ,ਨੌਜਵਾਨ ਫੱਟੜ

ਇੱਕ ਲੜਕੀ ਸਮੇਤ ਚਾਰ ਖ਼ਿਲਾਫ਼ ਪਰਚਾ ਦਰਜ
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੇ ਪ੍ਰਮੁੱਖ ਤਿਉਹਾਰਾਂ ਵਿੱਚ ਸ਼ੁਮਾਰ ਖੁਸ਼ੀਆਂ ਤੇ ਖੇੜਿਆਂ ਦੇ ਤਿਉਹਾਰ ਲੋਹੜੀ ਮੌਕੇ ਮਾਮੂਲੀ ਵਿਵਾਦ ਮਗਰੋਂ ਮਹਾਂਨਗਰ ਵਿੱਚ ਕਈ ਥਾਈ ਖੂਨੀ ਝਗੜੇ ਹੋਏ। ਅਜਿਹੇ ਇੱਕ ਮਾਮਲੇ ਵਿੱਚ ਥਾਣਾ ਟਿੱਬਾ ਅਧੀਨ ਆਉਂਦੇ ਇਲਾਕੇ ਅੰਦਰ ਦੋ ਪੱਖਾਂ ਵਿੱਚ ਮਾਮੂਲੀ ਗੱਲ ਤੋਂ ਝਗੜਾ ਹੋਇਆ ਅਤੇ ਇੱਕ ਪੱਖ ਵੱਲੋਂ ਚਲਾਈ ਗੋਲੀ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਛਾਤੀ ਵਿੱਚ ਗੋਲੀ ਲੱਗਣ ਕਾਰਨ ਫੱਟੜ ਹੋਏ ਨੌਜਵਾਨ ਅੰਕਿਤ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਫੱਟੜ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫੱਟੜ ਹੋਏ ਅੰਕਿਤ ਭੱਲਾ ਦੇ ਦੋਸਤ ਰਮਨਦੀਪ ਕਲੋਨੀ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਪੰਕਜ ਕੁਮਾਰ ਦੀ ਸ਼ਿਕਾਇਤ ਉੱਪਰ ਥਾਣਾ ਟਿੱਬਾ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਮੁਲਜਮ ਦੇਵਰਾਜ ਉਸ ਦੀ ਮਹਿਲਾ ਮਿੱਤਰ ਫਲਕ ਦੋਸਤ ਪ੍ਰਿੰਸ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪੰਕਜ ਨੇ ਦੱਸਿਆ ਕਿ ਲੋਹੜੀ ਵਾਲੀ ਰਾਤ ਉਹ ਆਪਣੀ ਭੈਣ ਘਰ ਲੋੜੀ ਮਨਾਉਣ ਕਿਹਾ ਸੀ। ਰਾਤ ਨੂੰ ਭੈਣ ਦੇ ਘਰ ਬਾਹਰ ਉਹ ਅੱਗ ਜਲਾ ਕੇ ਪਰਿਵਾਰਕ ਮੈਂਬਰਾਂ ਸਮੇਤ ਲੋਹੜੀ ਮਨਾ ਰਹੇ ਸਨ। ਇਸ ਦੌਰਾਨ ਮੁਲਜਮ ਦੇਵਰਾਜ ਅਤੇ ਉਸ ਦੀ ਮਹਿਲਾ ਜਾਣਕਾਰ ਫਲਕ ਸਕੂਟਰੀ ਤੇ ਸਵਾਰ ਹੋ ਕੇ ਗਲੀ ਵਿੱਚੋਂ ਲੰਘਣ ਲੱਗੇ ਅਤੇ ਉਨਾਂ ਨੂੰ ਗਲੀ ਵਿੱਚ ਅੱਗ ਬਾਲਣ ਤੋਂ ਰੋਕਦੇ ਹੋਏ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੀ ਭੈਣ ਦਾ ਦੇਵਰ ਅੰਕਿਤ ਬਾਹਰ ਆ ਗਿਆ ਅਤੇ ਝਗੜਾ ਕਰ ਰਹੇ ਮੁਲਜਮਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਇਸ ਘਟਨਾ ਦੇ ਕਰੀਬ ਅੱਧਾ ਘੰਟਾ ਬਾਅਦ ਦੇਵਰਾਜ ਅਤੇ ਉਸ ਦੇ ਹੋਰ ਸਾਥੀ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਦੁਬਾਰਾ ਆਏ ਅਤੇ ਬੱਚਿਆਂ ਨਾਲ ਲੜਨ ਲੱਗ ਗਏ। ਲੜਾਈ ਝਗੜੇ ਦਾ ਰੌਲਾ ਸੁਣ ਕੇ ਅੰਕਿਤ ਬਾਹਰ ਆਇਆ ਤਾਂ ਦੇਵਰਾਜ ਨੇ ਸਿੱਧਾ ਨਿਸ਼ਾਨਾ ਲਗਾ ਕੇ ਉਸ ਉੱਪਰ ਗੋਲੀ ਚਲਾ ਦਿੱਤੀ। ਦੇਵਰਾਜ ਵੱਲੋਂ ਚਲਾਈ ਗੋਲੀ ਅੰਕਿਤ ਦੇ ਜੇਬ ਵਿੱਚ ਪਏ ਮੋਬਾਈਲ ਤੇ ਲੱਗੀ ਅਤੇ ਉਹ ਵਾਲ ਵਾਲ ਬਚ ਗਿਆ ਪਰ ਦੇਵਰਾਜ ਨੇ ਦੁਬਾਰਾ ਗੋਲੀ ਚਲਾਈ ਜੋ ਸਿੱਧੀ ਅੰਕਿਤ ਦੀ ਛਾਤੀ ਵਿੱਚ ਜਾ ਲੱਗੀ। ਹਾਲਾਂਕਿ ਦੇਵਰਾਜ ਨੇ ਫੇਰ ਤੀਸਰੀ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਧਿਕਾਰੀ ਪ੍ਰਮੋਦ ਰਾਜ ਨੇ ਦੱਸਿਆ ਕਿ ਮੁਲਜਮਾ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਾਰਦਾਤ ਵਾਲੀ ਥਾਂ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜੇ ਵਿੱਚ ਲੈ ਕੇ ਅਣਪਛਾਤੇ ਮੁਲਜਮ ਦੀ ਸ਼ਿਨਾਖਤ ਅਤੇ ਬਾਕੀ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।