ਮਹਿਲਾ ਕਰਮਚਾਰੀ ਨੇ ਬੈਂਕ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ
ਜਨਾਨਾ ਕਰਮਚਾਰੀ ਨੇ ਬੈਂਕ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ
Publish Date: Fri, 06 Mar 2026 09:33 PM (IST)
Updated Date: Fri, 06 Mar 2026 09:36 PM (IST)

- ਬੈਂਕ ਦੇ ਲੱਖਾਂ ਰੁਪਏ ਆਪਣੇ ਖਾਤੇ ’ਚ ਪਾ ਕੇ ਕਢਵਾਏ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਿੰਗਾਰ ਸਿਨੇਮਾ ਰੋਡ ਬ੍ਰਾਂਚ ਵਿੱਚ ਤਾਇਨਾਤ ਮਹਿਲਾ ਬੈਂਕ ਕਰਮਚਾਰੀ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋਏ ਬੈਂਕ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ। ਬੈਂਕ ਦੇ ਉੱਚ ਅਧਿਕਾਰੀਆਂ ਨੂੰ ਉਸ ਦੀ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਬਹਿਰਹਾਲ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ ਸ਼ਿੰਗਾਰ ਸਿਨੇਮਾ ਰੋਡ ਬ੍ਰਾਂਚ ਦੇ ਮੈਨੇਜਰ ਕਮਲਜੀਤ ਸਿੰਘ ਦੇ ਬਿਆਨ ਉੱਪਰ ਠੱਗੀ ਨੂੰ ਅੰਜਾਮ ਦੇਣ ਵਾਲੀ ਮਹਿਲਾ ਕਰਮਚਾਰੀ ਅਮਨਦੀਪ ਕੌਰ ਵਾਸੀ ਗਲਾਡਾ ਹਾਈਟਸ ਦੁਗਰੀ ਖ਼ਿਲਾਫ਼ ਧੋਖਾਦੇਹੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਬ੍ਰਾਂਚ ਮੈਨੇਜਰ ਕਮਲਜੀਤ ਸਿੰਘ ਮੁਤਾਬਿਕ ਮੁਲਜ਼ਮ ਅਮਨਦੀਪ ਕੌਰ ਐੱਸਬੀਆਈ ਬੈਂਕ ਦੀ ਸ਼ਿੰਗਾਰ ਸਿਨੇਮਾ ਰੋਡ ਬ੍ਰਾਂਚ ਵਿੱਚ ਤਾਇਨਾਤ ਸੀ। ਉਸ ਨੇ ਆਪਣੀ ਤਾਇਨਾਤੀ ਦੌਰਾਨ ਤਾਕਤ ਦਾ ਗਲਤ ਇਸਤੇਮਾਲ ਕਰਦੇ ਹੋਏ ਬੈਂਕ ਦੇ ਖਾਤਿਆਂ ਵਿੱਚ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ। ਜਦੋਂ ਬੈਂਕ ਅਧਿਕਾਰੀਆਂ ਨੂੰ ਉਸ ਦੀ ਇਸ ਠੱਗੀ ਦਾ ਇਲਮ ਹੋਇਆ ਤਾਂ ਬੈਂਕ ਦੇ ਖਾਤੇ ਖੰਗਾਲੇ ਗਏ। ਪੜਤਾਲ ਹੋਈ ਤਾਂ ਪਤਾ ਲੱਗਾ ਕਿ ਉਕਤ ਅਮਨਦੀਪ ਕੌਰ ਨੇ ਬੈਂਕ ਖਾਤਿਆਂ ਵਿੱਚ ਹੇਰਾ ਫੇਰੀ ਕਰਦੇ ਹੋਏ 37 ਲੱਖ 78 ਹਜ਼ਾਰ ਰੁਪਏ ਤੋਂ ਵੀ ਵੱਧ ਦੀ ਨਕਦੀ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰ ਲਈ, ਪਰ ਉਸ ਦੀ ਇਸ ਦੀ ਕਿਸੇ ਨੂੰ ਖ਼ਬਰ ਨਹੀਂ ਲੱਗੀ। ਜਦੋਂ ਤੱਕ ਬੈਂਕ ਅਧਿਕਾਰੀਆਂ ਨੂੰ ਪਤਾ ਲੱਗਦਾ ਉਦੋਂ ਤੱਕ ਇਹ ਮਹਿਲਾ ਕਰਮਚਾਰੀ ਬੈਂਕ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਚੁੱਕੀ ਸੀ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਰਵੀ ਕੁਮਾਰ ਮੁਤਾਬਿਕ ਬੈਂਕ ਮੈਨੇਜਰ ਦੇ ਬਿਆਨ ਉੱਪਰ ਮਹਿਲਾ ਕਰਮਚਾਰੀ ਖ਼ਿਲਾਫ਼ ਪਰਚਾ ਦਰਜ ਕਰ ਕੇ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਡੂੰਘੇ ਪੱਧਰ ’ਤੇ ਪੜਤਾਲ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।