ਫੁਆਰਾ ਚੌਕ ’ਚ ਖੜ੍ਹੀ ਥਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਉਡਾਇਆ
ਬੇਖੌਫ ਚੋਰਾਂ ਨੇ ਫੁਵਹਾਰਾ ਚੌਂਕ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ
Publish Date: Thu, 26 Mar 2026 08:28 PM (IST)
Updated Date: Fri, 27 Mar 2026 04:11 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਫੁਆਰਾ ਚੌਕ ’ਤੇ ਇਕ ਵਾਰ ਫਿਰ ਚੋਰਾਂ ਨੇ ਪੁਲਿਸ ਗਸ਼ਤ ਨੂੰ ਚੁਣੌਤੀ ਦਿੰਦੇ ਹੋਏ ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਾਰ ਸ਼ਾਤਰ ਚੋਰਾਂ ਨੇ ਸੜਕ ਕਿਨਾਰੇ ਖੜ੍ਹੀ ਮਹਿੰਦਰਾ ਥਾਰ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਉਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਅੰਦਰ ਪਏ ਕੀਮਤੀ ਲੈਪਟਾਪ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਸ਼ਵੇਤਾ ਆਨੰਦ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਵੈਂਡਰ ਪਾਰਟਨਰ ਸ਼ੁਭਮ ਜੈਨ ਨਾਲ ਫੁਆਰਾ ਚੌਕ ਨੇੜੇ ਬਸੰਤ ਆਈਸਕ੍ਰੀਮ ਕੋਲ ਖਾਣਾ ਖਾਣ ਗਈ ਸੀ। ਉਨ੍ਹਾਂ ਆਪਣੀ ਥਾਰ ਗੱਡੀ ਸੜਕ ਕਿਨਾਰੇ ਖੜ੍ਹੀ ਕੀਤੀ ਹੋਈ ਸੀ ਤੇ ਉਹ ਖੁਦ ਗੱਡੀ ਤੋਂ ਕੁਝ ਹੀ ਦੂਰੀ ’ਤੇ ਮੌਜੂਦ ਸਨ। ਜਦੋਂ ਉਹ ਆਇਸਕ੍ਰੀਮ ਖਾਣ ਤੋਂ ਬਾਅਦ ਮੌਕੇ ’ਤੇ ਵਾਪਸ ਆਏ ਤਾਂ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਤੁਰੰਤ ਗੱਡੀ ਅੰਦਰ ਪਏ ਸਾਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੱਡੀ ਅੰਦਰ ਚੈੱਕ ਕਰਨ ’ਤੇ ਪਤਾ ਲੱਗਾ ਕਿ ਚੋਰ ਥਾਰ ਗੱਡੀ ਦਾ ਪਿੱਛੇ ਵਾਲਾ ਸ਼ੀਸ਼ਾ ਤੋੜ ਕੇ ਅੰਦਰ ਪਿਆ ਕੀਮਤੀ ਲੈਪਟਾਪ ਚੁੱਕ ਕੇ ਲੈ ਗਏ ਹਨ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ-8 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਗਈ ਹੈ ਅਤੇ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚੋਂ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।