ਘਰੋਂ ਨਕਦੀ ਤੇ ਦਸਤਾਵੇਜ਼ ਚੋਰੀ, 3 ਅਣਪਛਾਤੇ ਵਿਅਕਤੀ ਨਾਮਜ਼ਦ
ਵਿਦੇਸ਼ ਬੈਠੇ ਪਿਤਾ ਨੂੰ ਫਿਰੌਤੀ ਦੀ ਧਮਕੀ, ਸੁਨੇਤ ਵਿੱਚ ਘਰ ਸੁੰਨਾ ਵੇਖ ਚੋਰਾਂ ਨੇ ਮਾਰੀ ਚੋਟ
Publish Date: Wed, 22 Apr 2026 08:20 PM (IST)
Updated Date: Thu, 23 Apr 2026 04:08 AM (IST)
-ਵਿਦੇਸ਼ ਬੈਠੇ ਪਿਤਾ ਨੂੰ ਫਿਰੌਤੀ ਦੀ ਧਮਕੀ, ਸੁਨੇਤ ਵਿਖੇ ਘਰ ਸੁੰਨਾ ਵੇਖ ਚੋਰਾਂ ਨੇ ਮਾਰੀ ਚੋਟ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਸਰਾਭਾ ਨਗਰ ਅਧੀਨ ਪਿੰਡ ਸੁਨੇਤ ਵਿੱਚ ਫਿਰੌਤੀ ਅਤੇ ਚੋਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਲਾਕੇ ਦੇ ਰਹਿਣ ਵਾਲੀ ਜ਼ੀਨਤ ਬੇਗਮ, ਪਤਨੀ ਇਕਬਾਲ ਸਿੰਘ ਖਗੂੜਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦਾ ਪਤੀ ਪਿਛਲੇ ਚਾਰ ਸਾਲਾਂ ਤੋਂ ਸਾਊਦੀ ਅਰਬ ਵਿੱਚ ਨੌਕਰੀ ਕਰਦੇ ਹਨ। ਪੀੜਤਾ ਮੁਤਾਬਕ 18 ਅਪ੍ਰੈਲ 2026 ਨੂੰ ਉਸਦੇ ਪਤੀ ਨੂੰ ਸਾਊਦੀ ਅਰਬ ਵਿੱਚ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ, ਜਿਸ ਵਿੱਚ ਮਨੀ ਕੁਮਾਰ ਨੇ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਦੋਸ਼ੀ ਨੇ ਸਾਫ਼ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸਦੇ 9 ਸਾਲਾ ਪੁੱਤਰ ਸੁਖਜੋਤ ਸਿੰਘ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਵਿਦੇਸ਼ ਵਿੱਚ ਬੈਠੇ ਪਿਤਾ ਨੂੰ ਦਿੱਤੀ ਇਸ ਧਮਕੀ ਨਾਲ ਪਰਿਵਾਰ ਵਿਚ ਦਹਿਸ਼ਤ ਫੈਲ ਗਈ। ਮਾਂ ਨੂੰ ਆਪਣੇ ਪੁੱਤਰ ਦੀ ਚਿੰਤਾ ਹੋਣ ਲੱਗੀ। ਉਸਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਦੇ ਬਾਵਜੂਦ ਦੋਸ਼ੀਆਂ ਦੇ ਹੌਸਲੇ ਇਥੇ ਨਹੀਂ ਰੁਕੇ। 20 ਅਪ੍ਰੈਲ ਨੂੰ ਜਦੋਂ ਜ਼ੀਨਤ ਬੇਗਮ ਆਪਣੇ ਪੁੱਤਰ ਨਾਲ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ, ਤਾਂ ਮਨੀ ਕੁਮਾਰ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਘਰ ਵਿੱਚ ਦਾਖਲ ਹੋ ਗਿਆ। ਦੋਸ਼ੀਆਂ ਨੇ ਘਰ ਵਿੱਚੋਂ ਇੱਕ ਮੋਬਾਈਲ ਫੋਨ, ਦੋ ਸਿਲੰਡਰ, ਅਹਿਮ ਦਸਤਾਵੇਜ਼ ਅਤੇ ਲਗਭਗ 20 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਚੋਰੀ ਕਰਨ ਤੋਂ ਬਾਅਦ ਦੋਸ਼ੀਆਂ ਨੇ ਘਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਉਸ ਦੀਆਂ ਤਸਵੀਰਾਂ ਖਿੱਚ ਕੇ ਪੀੜਤਾ ਨੂੰ ਭੇਜੀਆਂ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਮੁੜ ਧਮਕੀਆਂ ਦੇ ਕੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਨੀ ਕੁਮਾਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਨੁਸਾਰ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ।