ਲੜਕੀ ਨਾਲ ਛੇੜਖਾਨੀ ਕਰਨ ਤੋਂ ਰੋਕਣ ’ਤੇ ਪਿਤਾ ਤੇ ਗੁਆਂਢੀ ਨਾਲ ਕੁੱਟਮਾਰ
ਲੜਕੀ ਨਾਲ ਛੇੜਖਾਨੀ ਕਰਨ ਤੋਂ ਰੋਕਿਆ, ਪਿਤਾ ਉੱਪਰ ਕੀਤਾ ਹਮਲਾ
Publish Date: Thu, 26 Mar 2026 07:25 PM (IST)
Updated Date: Fri, 27 Mar 2026 04:08 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਆਪਣੀ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਗੁਆਂਢੀ ਮਨਚਲਿਆਂ ਨੂੰ ਰੋਕਣ ’ਤੇ ਉਕਤ ਨੌਜਵਾਨਾਂ ਨੇ ਰੰਜਿਸ਼ ’ਚ ਲੜਕੀ ਦੇ ਪਿਤਾ ਤੇ ਗੁਆਂਢੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਵਾਰਦਾਤ ਦਾ ਪਤਾ ਲੱਗਣ ’ਤੇ ਥਾਣਾ ਹੈਬੋਵਾਲ ਪੁਲਿਸ ਨੇ ਪੀੜਤ ਦੇ ਬਿਆਨ ਉੱਪਰ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਸ਼ਾਨ ਸਿੰਘ ਉਰਫ ਬਿੱਲਾ, ਗੁਲਾਬ ਸਿੰਘ, ਅਤਰ ਸਿੰਘ, ਅੰਸ਼, ਵੰਸ਼ ਤੇ ਜਤਿਨ ਖ਼ਿਲਾਫ਼ ਪਰਚਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਤਾਬਕ ਮੁਲਜਮ ਸ਼ਾਨ ਸਿੰਘ ਉਰਫ ਬਿੱਲਾ, ਗੁਲਾਬ ਸਿੰਘ, ਅਤਰ ਸਿੰਘ ਅੰਸ਼ ਤੇ ਵੰਸ਼ ਸਾਰੇ ਉਸ ਦੇ ਘਰ ਦੇ ਨਜ਼ਦੀਕ ਰਹਿੰਦੇ ਹਨ। ਜਦ ਵੀ ਉਸ ਦੀ ਲੜਕੀ ਕਿਸੇ ਕੰਮ ਲਈ ਘਰੋਂ ਬਾਹਰ ਜਾਂਦੀ ਤਾਂ ਉਕਤ ਸਾਰੇ ਮੁਲਜ਼ਮ ਉਸ ਦੀ ਧੀ ਦਾ ਪਿੱਛਾ ਕਰਦੇ ਤੇ ਆਉਂਦੀ-ਜਾਂਦੀ ਨੂੰ ਰਾਹ ’ਚ ਰੋਕ ਕੇ ਛੇੜਖਾਨੀ ਕਰਦੇ ਰਹਿੰਦੇ ਸਨ। ਉਸ ਦੀ ਧੀ ਵਾਰਦਾਤ ਵਾਲੇ ਦਿਨ ਵੀ ਕਿਸੇ ਕੰਮ ਲਈ ਘਰੋਂ ਬਾਹਰ ਨਿਕਲੀ ਤਾਂ ਉਨ੍ਹਾਂ ਉਸਦੀ ਧੀ ਨੂੰ ਸੜਕ ’ਤੇ ਰੋਕ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਉਕਤ ਮੁਲਜ਼ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜਮਾਂ ਨੇ ਰੰਜਿਸ਼ ’ਚ ਮੁਦੱਈ ਉੱਪਰ ਹਮਲਾ ਕਰ ਦਿੱਤਾ। ਝਗੜੇ ਦਾ ਰੌਲਾ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਕੁੱਟ ਮਾਰ ਕੀਤੀ। ਜਦੋਂ ਉਸ ਦਾ ਗੁਆਂਢੀ ਨਮਨ ਕੁਮਾਰ ਵਿੱਚ ਬਚਾਅ ਕਰਨ ਲਈ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਹਮਲਾ ਕਰਕੇ ਫੱਟੜ ਕਰ ਦਿੱਤਾ ਅਤੇ ਸਾਰਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।