ਚੁਗਲੀ ਵਰਗੇ ਗੁਨਾਹਾਂ ਤੋ ਬਚਣ ਰੋਜ਼ੇਦਾਰ : ਸ਼ਾਹੀ ਇਮਾਮ
ਚੁਗਲੀ ਵਰਗੇ ਗੁਨਾਹਾਂ ਤੋ ਬਚਣ ਰੋਜੇਦਾਰ-ਸ਼ਾਹੀ ਇਮਾਮ ਪੰਜਾਬ
Publish Date: Fri, 27 Feb 2026 07:29 PM (IST)
Updated Date: Sat, 28 Feb 2026 04:05 AM (IST)

ਰੋਜ਼ੇਦਾਰਾਂ ਨੇ ਜੁੰਮੇ ਦੀ ਨਮਾਜ਼ ਅਦਾ ਕਰ ਕੇ ਵਿਸ਼ਵ ਸ਼ਾਂਤੀ ਦੀ ਦੁਆ ਮੰਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਰੋਜ਼ੇਦਾਰਾਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਭਰ ਦੀਆਂ ਮਸਜਿਦਾਂ ’ਚ ਰਮਜ਼ਾਨ ਦੇ ਦੂਜੇ ਜੁੰਮੇ ਦੀ ਨਮਾਜ਼ ਅਦਾ ਕਰਨ ਦੇ ਨਾਲ ਵਿਸ਼ਵ ਸ਼ਾਂਤੀ ਲਈ ਦੁਆ ਵੀ ਕੀਤੀ। ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਇਸ ਮੌਕੇ ਹਜ਼ਾਰਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜ਼ਾਨ ਦਾ ਮੁਬਾਰਕ ਮਹੀਨਾ ਦੁਨੀਆ ਭਰ ਦੇ ਇਨਸਾਨਾਂ ਲਈ ਰਹਿਮਤ ਵਾਲਾ ਹੈ। ਇਸ ਪਵਿੱਤਰ ਮਹੀਨੇ ’ਚ ਰੋਜ਼ੇਦਾਰਾਂ ਦੇ ਨਾਲ-ਨਾਲ ਸਾਰੇ ਇਨਸਾਨਾਂ ਨੂੰ ਅੱਲਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ’ਚ ਇਕ ਨੇਕੀ ਕਰਨ ਦੇ ਬਦਲੇ ’ਚ 70 ਨੇਕੀਆਂ ਦੇ ਬਰਾਬਰ ਫਲ ਮਿਲਦਾ ਹੈ। ਅੱਲਾਹ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋ ਬਚਣ। ਦੂਜਿਆਂ ਦਾ ਦਿਲ ਦੁਖਾ ਕੇ ਖੁਦਾ ਦੀ ਨਾਰਾਜ਼ਗੀ ਮੁੱਲ ਨਾ ਲੈਣ ਬਲਕਿ ਰੋਜ਼ਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਬੜਾ ਰਹੀਮ ਹੈ ਤੇ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਆਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜ਼ਾਨ ਸ਼ਰੀਫ ਦੇ ਮੌਕੇ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਮਸਜਿਦਾਂ ’ਚ ਆਏ ਰੋਜ਼ੇਦਾਰਾਂ ਨੇ ਤਿੱਖੀ ਧੁੱਪ ’ਚ ਬੜੇ ਹੀ ਸੁਕੂਨ ਨਾਲ ਨਮਾਜ਼ ਅਦਾ ਕੀਤੀ ਤੇ ਮਸਜਿਦਾਂ ਦੇ ਬਾਹਰ ਖੁਦਾ ਦੇ ਨਾਮ ’ਤੇ ਮੰਗਣ ਵਾਲਿਆਂ ਨੂੰ ਦਿਲ ਖੋਲ੍ਹ ਕੇ ਦਾਨ ਦਿੱਤਾ।