ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਲਾਇਆ ਰੋਸ ਧਰਨਾ, ਕੇਂਦਰੀ ਗ੍ਰਹਿ ਮੰਤਰੀ ਦਾ ਫੂਕਿਆ ਪੁਤਲਾ
ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਲਗਾਇਆ ਰੋਸ ਧਰਨਾ, ਕੇਂਦਰੀ ਗ੍ਰਹਿ ਮੰਤਰੀ ਦਾ ਫੂਕਿਆ ਪੁਤਲਾ
Publish Date: Sat, 14 Mar 2026 07:06 PM (IST)
Updated Date: Sun, 15 Mar 2026 04:13 AM (IST)

- ਤਿੰਨ ਘੰਟਿਆਂ ਲਈ ਟੋਲ ਪਲਾਜ਼ਾ ਮੁਫ਼ਤ ਕਰਨ ਦਾ ਐਲਾਨ, ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਫ਼ੋਟੋ ਨੰਬਰ-5, 6 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲਾਢੋਵਾਲ ਸਥਿਤ ਲੁਧਿਆਣਾ-ਅੰਮ੍ਰਿਤਸਰ ਹਾਈਵੇ ਤੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ। ਅੱਜ ਪਹਿਲੇ ਦਿਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਕੰਢੇ ਵਸੇ ਸਸਰਾਲੀ ਕਾਲੋਨੀ ਲਾਗੇ ਪਿਛਲੇ ਸਾਲ ਧੁੱਸੀ ਬੰਨ੍ਹ ਕੰਮਜ਼ੋਰ ਹੋਣ ਕਰਕੇ ਟੁੱਟ ਗਿਆ ਸੀ, ਜੋ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਾਬੂ ਕੀਤਾ ਗਿਆ, ਪਰ ਸਰਕਾਰ ਨੇ ਲਗਪਗ ਇਕ ਸਾਲ ਬੀਤਣ ਦੇ ਬਾਵਜੂਦ ਧੁੱਸੀ ਬੰਨ੍ਹ ਮਜ਼ਬੂਤ ਨਹੀਂ ਕੀਤਾ, ਜਿਸ ਕਰ ਕੇ ਲਾਗਲੇ ਪਿੰਡਾਂ ਉਪਰ ਹਰ ਵੇਲੇ ਸੰਭਾਵੀ ਹੜ੍ਹ ਦੇ ਕਾਲੇ ਬੱਦਲ ਮੰਡਰਾਅ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਲੁਧਿਆਣਾ ਤੋਂ ਰਾਹੋਂ ਨੂੰ ਜਾ ਰਹੀ ਸੜਕ ਉਪਰ ਖੂਹ ਬਣ ਚੁੱਕੇ ਹਨ, ਪਰ ਪੰਜਾਬ ਸਰਕਾਰ ਸੜਕ ਬਣਾਉਣ ਲਈ ਅੱਖ ਨਹੀਂ ਪੁੱਟ ਰਹੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਸਸਰਾਲੀ ਕਾਲੌਨੀ ਲਾਗੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਰਾਹੋਂ ਰੋਡ ਬਣਾਉਣ ਲਈ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਟੋਲ ਪਲਾਜ਼ਾ ਤੇ ਰੋਸ ਧਰਨਾ ਜਾਰੀ ਰਹੇਗਾ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਤਲਵੰਡੀ ਅਤੇ ਜਸਦੇਵ ਸਿੰਘ ਲਲਤੋਂ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ ਹੈ, ਜਿਸ ਕਰਕੇ ਅੱਜ ਕਿਸਾਨ ਤੇ ਮਜ਼ਦੂਰ ਆਪਣੀਆਂ ਮੰਗਾਂ ਲਈ ਮਜਬੂਰ ਹੋ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਕੇਵਲ ਸੂਬੇ ਦੇ ਕਿਸਾਨ ਅਤੇ ਮਜ਼ਦੂਰ ਹੀ ਨਹੀਂ ਬਲਕਿ ਮੁਲਾਜ਼ਮ,ਪੈਨਸ਼ਨਰਜ਼ ਸਮੇਤ ਹਰ ਵਰਗ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੇਸ਼ਾਨ ਹਨ ਜਦਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਅਵਾਜ਼ ਪੁਲਿਸ ਦੀ ਦੁਰਵਰਤੋਂ ਕਰਕੇ ਦਬਾਅ ਰਹੀ ਹੈ, ਜਿਸ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ ਸਾਲ 2027 ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਇਸ ਦੇ ਹੱਕਾਂ ਨੂੰ ਕੁਚਲ ਰਿਹਾ ਹੈ। ਇਸ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਦਿਆਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਨਦੀਪ ਸਿੰਘ ਬੈਂਸ, ਸੁਖਦੇਵ ਸਿੰਘ ਮੰਗਲੀ, ਕਸ਼ਮੀਰ ਸਿੰਘ ਮੰਗਲੀ, ਗੁਰਮੁੱਖ ਸਿੰਘ ਹਲਕਾ ਪ੍ਰਧਾਨ, ਗੁਰਮੀਤ ਸਿੰਘ ਮੰਗਲੀ, ਕੁਲਦੀਪ ਸਿੰਘ ਮੰਗਲੀ, ਸਤਨਾਮ ਸਿੰਘ ਮੰਗਲੀ, ਹਰਜਿੰਦਰ ਸਿੰਘ ਚੌਹਾਨ, ਭੋਲਾ ਸਿੰਘ, ਮੀਆਂ ਜੀ ਮਿਹਰਬਾਨ, ਸੁਰਿੰਦਰ ਸਿੰਘ ਪਵਾਰ ਪ੍ਰਧਾਨ ਹਲਕਾ ਲਾਢੋਵਾਲ, ਦਿਲਜੀਤ ਸਿੰਘ ਬਲੀਪੁਰ, ਪ੍ਰੀਤਮ ਸਿੰਘ, ਮੋਹਨ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਹੋਰ ਕਿਸਾਨ ਤੇ ਮਜ਼ਦੂਰ ਮੌਜੂਦ ਸਨ।