ਗੈਬੀ ਪੁਲ ਦੀ ਲੀਕੇਜ ਤੋਂ ਅਧਿਕਾਰੀਆਂ ਵੱਲੋਂ ਚੁੱਪ ਧਾਰਨ ’ਤੇ ਕਿਸਾਨਾਂ ’ਚ ਭਾਰੀ ਰੋਸ
ਰਾਏਕੋਟ ਗੈਬੀ ਪੁਲ ਦੀ ਲੀਕੇਜ਼ ਤੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੁੱਪ ਧਾਰਨ ’ਤੇ ਕਿਸਾਨਾਂ ’ਚ ਭਾਰੀ ਰੋਸ
Publish Date: Mon, 08 Jun 2026 08:16 PM (IST)
Updated Date: Tue, 09 Jun 2026 04:11 AM (IST)

ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਰਜਵਾਹੇ ਦੇ ਗੈਬੀ ਪੁਲ ਦੀ ਪਿਛਲੇ 3-4 ਸਾਲਾਂ ਤੋਂ ਹੋ ਰਹੀ ਲੀਕੇਜ਼ ਤੋਂ ਨਹਿਰੀ ਵਿਭਾਗ ਦੀ ਅਣਗਹਿਲੀ ਸਾਹਮਣੇ ਆਉਣ ’ਤੇ ਕਿਸਾਨਾਂ ’ਚ ਭਾਰੀ ਰੋਸ ਦੇਖਣ ਨੂੰ ਮਿਲਆ। ਜਾਣਕਾਰੀ ਅਨੁਸਾਰ ਰਾਏਕੋਟ-ਧੂਰੀ ਰੋਡ ’ਤੇ ਸਥਿਤ ਰਾਏਕੋਟ ਰਜਵਾਹੇ ਦਾ ਗੈਬੀ ਪੁਲ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਲੀਕੇਜ਼ ਕਾਰਨ ਆਸ-ਪਾਸ ਦੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਲੀਕੇਜ਼ ਨਿਰੰਤਰ ਜਾਰੀ ਹੈ, ਜਿਸ ਦੌਰਾਨ ਲੀਕੇਜ਼ ਹੋਇਆ ਨਹਿਰੀ ਪਾਣੀ ਆਸ-ਪਾਸ ਦੇ ਖੇਤਾਂ ’ਚ ਜਮ੍ਹਾਂ ਹੁੰਦਾ ਰਹਿੰਦਾ ਹੈ, ਜਿਸ ਕਾਰਨ ਖੇਤਾਂ ਵਿੱਚ ਵਾਧੂ ਪਾਣੀ ਖੜ੍ਹਨ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਹੀ ਰਾਏਕੋਟ-ਧੂਰੀ ਰੋਡ ਦਾ ਨਿਰਮਾਣ ਕਾਰਜ਼ ਵੀ ਕੁਝ ਸਮਾਂ ਪਹਿਲਾਂ ਮੁਕੰਮਲ ਹੋਇਆ ਹੈ, ਜਿੱਥੇ ਇਸ ਪਾਣੀ ਦੀ ਲੀਕੇਜ਼ ਕਾਰਨ ਰੋਡ ਨੂੰ ਵੀ ਕਾਫ਼ੀ ਨੁਕਸਾਨ ਪੁੱਜ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਨੰਬਰਦਾਰ ਬਾਵਾ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਨਹਿਰੀ ਵਿਭਾਗ ਵੱਲੋਂ ਗੈਬੀ ਪੁਲ ਰਾਹੀਂ ਨਹਿਰੀ ਪਾਣੀ ਦੀ ਲੀਕੇਜ਼ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਇਹ ਲੀਕੇਜ਼ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ, ਜਿਸ ਕਾਰਨ ਆਸ-ਪਾਸ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਿਸੇ ਸਮੇਂ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਕਿਸਾਨਾਂ ’ਤੇ ਖ਼ਤਰਾ ਮੰਡਰਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੈਬੀ ਪੁਲ ਦੀ ਇਸ ਲੀਕੇਜ਼ ਨੂੰ ਕਈ ਵਾਰ ਕਿਸਾਨਾਂ ਵੱਲੋਂ ਖ਼ਬਰਾਂ ਦੇ ਜ਼ਰੀਏ ਆਪਣਾ ਦੁੱਖ ਬਿਆਨ ਕੀਤਾ ਜਾ ਚੁੱਕਾ ਹੈ ਪ੍ਰੰਤੂ ਨਹਿਰੀ ਵਿਭਾਗ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ, ਸਗੋਂ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਜਲਦ ਨਹਿਰੀ ਪਾਣੀ ਲੀਕੇਜ਼ ਨੂੰ ਨਾ ਰੋਕਿਆ ਗਿਆ ਤਾਂ ਉਹ ਸੰਚਾਈ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਸਮੇਤ ਕੈਬਨਿਟ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜਣਗੇ ਤਾਂ ਜੋ ਨਹਿਰੀ ਵਿਭਾਗ ਦੀ ਅਣਗਹਿਲੀ ਦਾ ਭਾਂਡਾ ਭੰਨਿ੍ਹਆ ਜਾ ਸਕੇ। ਜਦੋਂ ਨਹਿਰੀ ਵਿਭਾਗ ਦੇ ਐੱਸਡੀਓ ਜਗਦੀਪ ਸਿੰਘ ਨਾਲ ਮੋਬਾਈਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਪ੍ਰੋਜੈਕਟ ਦਾ 2-3 ਮਹੀਨਿਆਂ ’ਚ ਹੱਲ ਕਰ ਲਿਆ ਜਾਵੇਗਾ, ਜਿਸ ਦੇ ਬਾਅਦ ਇਸ ਲੀਕੇਜ਼ ਤੋਂ ਛੁਟਕਾਰਾ ਮਿਲ ਜਾਵੇਗਾ।