ਕਾਉਂਕੇ ਕਲਾਂ ’ਚ ਕਿਸਾਨਾਂ ਵੱਲੋਂ ਇਰਾਨ ਤੇ ਹਮਲੇ ਖਿਲਾਫ ਪ੍ਰਦਰਸ਼ਨ
ਕਾਉਂਕੇ ਕਲਾਂ ’ਚ ਕਿਸਾਨਾਂ ਵੱਲੋਂ ਇਰਾਨ ਤੇ ਹਮਲੇ ਖਿਲਾਫ ਪ੍ਰਦਰਸ਼ਨ
Publish Date: Mon, 09 Mar 2026 06:29 PM (IST)
Updated Date: Mon, 09 Mar 2026 06:30 PM (IST)
-ਅੱਜ ਬਰਨਾਲਾ ਰੈਲੀ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਫੈਸਲਾ
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਜਗਰਾਓਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੇ ਇਰਾਨ 'ਤੇ ਹਮਲੇ ਖਿਲਾਫ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਸੋਮਵਾਰ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਕਾਉਂਕੇ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪੂਰੀ ਦੁਨੀਆ ਨੂੰ ਸੂਲੀ ਤੇ ਟੰਗ ਰੱਖਿਆ ਹੈ। ਵੱਖ ਵੱਖ ਦੇਸ਼ਾਂ ਦੇ ਆਯਾਤ ਤੇ ਭਾਰੀ ਟੈਰਿਫ ਲਗਾ ਕੇ ਅਸਲ ਚ ਇਹ ਸੰਸਾਰ ਮੰਡੀ ਤੇ ਕਾਬਜ਼ ਹੋਣਾ ਚਾਹੁੰਦਾ ਹੈ। ਅਰਬ ਖਿੱਤੇ ਦੇ ਜ਼ਿਆਦਾਤਰ ਮੁਲਕਾਂ ’ਚ ਕਠਪੁਤਲੀ ਸਰਕਾਰਾਂ ਅਤੇ ਫੋਜੀ ਅੱਡੇ ਬਣਾ ਕੇ ਇਜ਼ਰਾਈਲ ਨਾਲ ਗੱਠਜੋੜ ਕਰਕੇ ਅਮਰੀਕਾ ਨੇ ਵੈਨਜ਼ੂਏਲਾ ਤੋਂ ਬਾਅਦ ਇਰਾਨ ਨੂੰ ਅਪਣੇ ਬੰਬਾਂ ਦਾ ਨਿਸ਼ਾਨਾ ਬਣਾ ਲਿਆ ਹੈ। ਅਮਰੀਕਨ ਸਾਮਰਾਜ ਦਾ ਅਸਲ ਮਕਸਦ ਦੁਨੀਆ ਦੇ ਤੇਲ ਅਤੇ ਮੰਡੀ ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਬੀਤੇ ਦਿਨੀਂ ਇਜ਼ਰਾਈਲੀ ਬੰਬਾਰੀ ’ਚ ਮਾਰੇ ਗਏ ਮੀਨਾਬ ਸ਼ਹਿਰ ਦੇ ਸਕੂਲੀ ਬੱਚਿਆਂ ਦੇ ਕਤਲ ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ 'ਚ ਹਾਜ਼ਰ ਸਮੂਹ ਮੈਂਬਰਾਂ ਨੇ ਅੱਜ 10 ਮਾਰਚ ਮੰਗਲਵਾਰ ਨੂੰ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋ ਰਹੀ ਵਿਸ਼ਾਲ ਮਹਾਪੰਚਾਇਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਕਿਸਾਨ ਤੇ ਲੌਕ ਵਿਰੋਧੀ ਵਪਾਰ ਸਮਝੌਤੇ ਨੂੰ ਰੱਦ ਕਰਾਉਣ, ਪਾਰਲੀਮੈਂਟ ’ਚ ਭਲਕੇ ਪੇਸ਼ ਕੀਤੇ ਜਾ ਰਹੇ ਬਿਜਲੀ ਐਕਟ ਅਤੇ ਬੀਜ ਐਕਟ ਨੂੰ ਰੱਦ ਕਰਾਉਣ, ਮਗਨਰੇਗਾ ਸਕੀਮ ਅਤੇ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਾਉਣ, ਦਿਲੀ ਅੰਦੋਲਨ ਸਮੇਂ ਮੰਨੀਆਂ ਮੰਗਾਂ ਲਾਗੂ ਕਰਵਾਉਣ, ਪਾਣੀਆਂ ਦੇ ਧਰਤੀ ਤੋਂ ਖ਼ਾਤਮੇ ਦਾ ਠੋਸ ਹੱਲ ਕੱਢਣ ਦੀ ਮੰਗ ਨੂੰ ਲੈਕੇ ਇਹ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਸਮੇਂ ਆਗੂ ਜਸਪਾਲ ਸਿੰਘ, ਕੁਲਦੀਪ ਸਿੰਘ ਕੀਪਾ, ਕੁੰਡਾ ਸਿੰਘ ਆਦਿ ਹਾਜ਼ਰ ਸਨ।