ਲਾਢੋਵਾਲ ਸਮੇਤ ਸੂਬੇ ਦੇ ਸਮੂਹ ਟੋਲ ਪਲਾਜ਼ੇ ਕੀਤੇ ਵਾਹਨਾਂ ਲਈ ਮੁਕਤ
ਕਿਸਾਨਾਂ ਨੇ ਲਾਢੋਵਾਲ ਸਮੇਤ ਸੂਬੇ ਦੇ ਸਮੂਹ ਟੋਲ ਪਲਾਜ਼ੇ ਕੀਤੇ ਵਾਹਨਾਂ ਲਈ ਮੁਕਤ
Publish Date: Fri, 27 Feb 2026 07:35 PM (IST)
Updated Date: Sat, 28 Feb 2026 04:05 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈਕੇ ਸੂਬੇ ਅੰਦਰ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਧਰਮ ਯੁੱਧ ਮੋਰਚਾ ਵਲੋਂ ਸੂਬੇ ਦੇ ਸਮੂਹ ਟੋਲ ਪਲਾਜ਼ਿਆਂ ਸਮੇਤ ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ-ਅੰਮ੍ਰਿਤਸਰ ਹਾਈਵੇ ‘ਤੇ ਲਾਢੋਵਾਲ ਸਥਿਤ ਟੋਲ ਪਲਾਜ਼ਾ ਉਪਰ ਮੰਗਾਂ ਨੂੰ ਲੈਕੇ ਰੋਸ ਧਰਨਾ ਲਾਇਆ ਗਿਆ ਹੈ ਅਤੇ ਇਸ ਤਹਿਤ ਕਿਸਾਨਾਂ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਬਿਨਾਂ ਟੋਲ ਅਦਾ ਕੀਤੇ ਲੰਘਾਇਆ ਗਿਆ। ਇਸ ਮੌਕੇ ਜਥੇਬੰਦੀ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਕਰਮਜੀਤ ਸਿੰਘ ਕੋਟਆਗਾਂ ਨੇ ਦੱਸਿਆ ਕਿ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਖ਼ਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਬਹੁਤ ਵੱਧ ਗਏ ਹਨ, ਜਿਸ ਕਰ ਕੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚ ਰਹੀ ਹੈ ਅਤੇ ਹਿਰਦੇ ਵਲੂੰਧਰੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਪਿਛਲੇ 16 ਮਹੀਨਿਆਂ ਤੋਂ ਸਮਾਣਾ ਸ਼ਹਿਰ ਵਿਚ ਟਾਵਰ ਤੇ ਚੜ੍ਹਕੇ ਰੋਸ ਪ੍ਰਗਟ ਕਰ ਰਿਹਾ ਹੈ ਪਰ ਸਰਕਾਰ ਅੱਖਾਂ ਬੰਦ ਕਰਕੇ ਵੇਖ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਧਰਮ ਯੁੱਧ ਮੋਰਚਾ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਧਾਰਮਿਕ ਬੇਅਦਬੀਆਂ ਬੰਦ ਕਰਵਾਉਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਨਹੀਂ ਬਲਕਿ ਕਿਸੇ ਵੀ ਧਰਮ ਨਾਲ ਸਬੰਧਿਤ ਕਿਸੇ ਗ੍ਰੰਥ /ਧਾਰਮਿਕ ਸਥਾਨ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਹੈ, ਸਮਾਜ ਵਿਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਬੇਅਦਬੀ ਕਾਰਨ ਧਰਮ ਨਾਲ ਜੁੜੇ ਹਰੇਕ ਵਿਅਕਤੀ ਨੂੰ ਮਾਨਸਿਕ ਪੀੜਾ ਪਹੁੰਚਦੀ ਹੈ। ਜਥੇਬੰਦੀ ਵੱਲੋਂ ਲਾਢੋਵਾਲ ਟੋਲ ਪਲਾਜ਼ਾ ਨੂੰ ਬਾਦ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵਾਹਨਾਂ ਲਈ ਮੁਕਤ ਕੀਤਾ ਗਿਆ, ਜਿਸ ਦਾ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੇ ਖੂਬ ਫਾਇਦਾ ਉਠਾਇਆ। ਇਸ ਮੌਕੇ ਸਥਿਤੀ ਬਿਲਕੁਲ ਕਾਬੂ ਹੇਠ ਰਹੀ ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਚੰਗੀ-ਮਾੜੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਜੋ ਸਥਿਤੀ ਉਪਰ ਲਗਾਤਾਰ ਨਿਗਰਾਨੀ ਰੱਖ ਰਹੇ ਸਨ। ਬਾਕਸ--- ਟੋਲ ਬੂਥ ਕਰਵਾਏ ਖ਼ਾਲੀ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਅੱਜ ਕਿਸੇ ਕਿਸਾਨ ਜਥੇਬੰਦੀ ਨੇ ਟੋਲ ਪਲਾਜ਼ਾ ਉਪਰ ਸੜਕ ਲਾਂਘੇ ’ਤੇ ਬਣੇ ਟੋਲ ਬੂਥ ਖ਼ਾਲੀ ਦਿਖਾਈ ਦਿੱਤੇ, ਕਿਉਂਕਿ ਕਿਸੇ ਵੀ ਬੂਥ ਵਿੱਚ ਟੋਲ ਮੁਲਾਜ਼ਮ ਨਹੀਂ ਸੀ, ਕਿਉਂਕਿ ਜਥੇਬੰਦੀ ਨੇ ਸਭ ਤੋਂ ਪਹਿਲਾਂ ਟੋਲ ਪਲਾਜ਼ਾ ਉਪਰ ਟੋਲ ਟੈਕਸ ਕੱਟਣ ਵਾਲਾ ਸੈਂਸਰ ਯੰਤਰ ਬੰਦ ਕਰਵਾਇਆ ਤਾਂ ਜੋ ਆਪਣੇ ਆਪ ਕਿਸੇ ਵੀ ਵਾਹਨ ਦਾ ਟੋਲ ਨਾ ਕੱਟਿਆ ਜਾ ਸਕੇ। ਟੋਲ ਮੁਲਾਜਮ ਆਪਣੇ ਬੂਥ ਛੱਡ ਕੇ ਚਲੇ ਗਏ, ਸਾਰੇ ਬੂਥਾਂ ਤੇ ਲੱਗੇ ਸੈਂਸਰ ਬੰਦ ਹੋ ਗਏ, ਜਿਸ ਕਰਕੇ ਵਾਹਨ ਚਾਲਕਾਂ ਨੂੰ ਮੌਜਾਂ ਲੱਗੀਆਂ ਰਹੀਆਂ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਨੇ ਵੀ ਵਿਚਾਰ ਰੱਖੇ। ਇਸ ਮੌਕੇ ਜਤਿੰਦਰ ਸਿੰਘ ਜੋਤੀ ਬਲਾਕ ਸੁਧਾਰ,ਬੂਟਾ ਸਿੰਘ,ਅਜਮੇਰ ਸਿੰਘ ਰਾਜੋਆਣਾ ਅਤੇ ਤਾਰਾ ਸਿੰਘ ਸਮੇਤ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।ਇਸ ਮੌਕੇ ਕਿਸਾਨਾਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਮ ਨੂੰ 4 ਵਜੇ ਧਰਨਾ ਸਮਾਪਤ ਕੀਤਾ।