ਫਰੀ ਦੀ ਸੂਈ ਲਗਵਾਉਣ ਆਏ ਪਰਿਵਾਰ ਪੀਜੀਆਈ ਰੈਫਰ
ਫਰੀ ਦੀ ਸੂਈ ਲਗਵਾਉਣ ਆਏ ਪਰਿਵਾਰ ਪੀਜੀਆਈ ਰੈਫਰ
Publish Date: Mon, 02 Feb 2026 07:05 PM (IST)
Updated Date: Tue, 03 Feb 2026 04:11 AM (IST)

-ਦੂਜੀ ਵਾਰ ਵੀ ਪੀਜੀਆਈ ਨੇ ਰੈਬੀਜ਼ ਦੇ ਲੱਛਣਾਂ ਤੋਂ ਕੀਤਾ ਇਨਕਾਰ, ਇਲਾਜ ਦੀ ਥਾਂ ਰੈਫਰ ਕਰਨ ਲਈ ਚਰਚਿਤ ਸਿਵਲ ਹਸਪਤਾਲ ਦਾ ਨਵਾਂ ਕਾਰਨਾਮਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਇਲਾਜ ਲਈ ਆਉਂਦੇ ਮਰੀਜ਼ਾਂ ’ਚੋਂ ਬਹੁਤਿਆਂ ਨੂੰ ਰੈਫਰ ਕਰਨ ਲਈ ਚਰਚਿਤ ਜਗਰਾਓਂ ਸਿਵਲ ਹਸਪਤਾਲ ਦਾ ਇੱਕ ਹੋਰ ਕਾਰਨਾਮਾ ਚਰਚਾ ਵਿਚ ਹੈ। ਘਰ ਵਿਚ ਰੱਖੇ ਪਾਲਤੂ ਕੁੱਤੇ ਦੇ ਮੂੰਹ ਵਿਚ ਹੱਥ ਪਾ ਕੇ ਬੱਚਿਆਂ ਨੂੰ ਖੇਡਦੇ ਦੇਖ ਫਰੀ ਦੀ ਸੂਈ (ਐਂਟੀ ਰੇਬੀਜ਼ ਇੰਜੈਕਸ਼ਨ) ਲਗਵਾਉਣ ਆਏ ਪਰਿਵਾਰ ਦੇ ਸਾਰੇ 7 ਮੈਂਬਰਾਂ ਨੂੰ ਹੀ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਹੀ ਨਹੀਂ, ਸਿਵਲ ਹਸਪਤਾਲ ਵੱਲੋਂ ਮਰੀਜ਼ਾਂ ਦੀ ਖੁਦ ਜਾਂਚ ਕਰਨ ਦੀ ਥਾਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰਨ ਦੀ ਇਸ ਆਦਤ ਨੇ ਪੂਰੇ ਸਿਹਤ ਵਿਭਾਗ ਨੂੰ ਵੀ ਮੁਸੀਬਤ ਵਿਚ ਪਾਇਆ। ਰੈਬੀਜ਼ ਦੇ ਲੱਛਣਾਂ ਦੀ ਪ੍ਰਗਟਾਈ ਗਈ ਸ਼ੰਕਾ ’ਤੇ ਸਿਹਤ ਵਿਭਾਗ ਨੇ ਪੀੜਤ ਪਰਿਵਾਰ ਦੇ ਨਾਲ ਪੂਰੇ ਇਲਾਕੇ ਦੇ ਹਰ ਘਰ ਦਾ ਸਰਵੇ ਕਰਨਾ ਪਿਆ। ਜਦਕਿ ਅੱਜ ਦੂਸਰੀ ਵਾਰ ਵੀ ਪੀਜੀਆਈ ਚੰਡੀਗੜ੍ਹ ਨੇ ਜਾਂਚ ਵਿਚ ਪਰਿਵਾਰ ਦੇ ਰੇਬੀਜ਼ ਦੇ ਲੱਛਣਾਂ ਤੋਂ ਇਨਕਾਰ ਕਰਦਿਆਂ ਕਲੀਨ ਚਿੱਟ ਦਿੰਦਿਆਂ ਮੁੜ ਬੇਰੰਗ ਮੋੜ ਦਿੱਤਾ। ਜਗਰਾਓਂ ਦੇ ਕੋਠੇ ਸ਼ੇਰਜੰਗ ਇਲਾਕੇ ਵਿਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ ਮੁਖੀ ਸੰਤੋਸ਼ ਸਾਹਨੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਬੱਚੇ ਘਰ ਵਿਚ ਰੱਖੇ ਪਾਲਤੂ ਕੁੱਤੇ ਨਾਲ ਖੇਡਦੇ ਉਸ ਦੇ ਮੂੰਹ ਵਿਚ ਹੱਥ ਪਾਉਂਦੇ ਸਨ। ਅਜਿਹਾ ਦੇਖ ਕੇ ਉਸ ਨੇ ਸੋਚਿਆ ਕਿ ਸਰਕਾਰੀ ਹਸਪਤਾਲ ਵਿਚ ਫਰੀ ਦੀ ਸੂਈ ਲੱਗਦੀ ਹੈ, ਕਿਉਂ ਨਾ ਲਗਵਾ ਲਿਆਵਾਂ। ਪਰਿਵਾਰ ਸਮੇਤ ਸਿਵਲ ਹਸਪਤਾਲ ਜਗਰਾਓਂ ਪਹੁੰਚ ਜਾਂਦਾ ਹੈ, ਜਿਥੇ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਪੁੱਛ ਪੜਤਾਲ ਕੀਤੀ ਅਤੇ ਕਈ ਫੋਨ ਕਰਨ ਤੋਂ ਬਾਅਦ ਉਸ ਨੂੰ ਆਪਣੀ ਪਤਨੀ ਸੰਗੀਨਾ ਦੇਵੀ, 14 ਸਾਲਾਂ ਧੀ ਮਮਤਾ, 12 ਸਾਲਾ ਪੁੱਤ ਸੰਦੀਪ, 10 ਸਾਲਾਂ ਧੀ ਭਾਵਨਾ, 8 ਸਾਲਾ ਪੁੱਤ ਕੁਲਦੀਪ ਤੇ 15 ਸਾਲਾ ਚਚੇਰੀ ਭੈਣ ਰੰਗੀਲਾ ਕੁਮਾਰੀ ਨੂੰ ਐਂਬੂਲੈਂਸ 108 ਰਾਹੀਂ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ। ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਭ ਕੁਝ ਸਹੀ ਕਹਿ ਕੇ ਵਾਪਸ ਮੋੜ ਦਿੱਤਾ। ਸੰਤੋਸ਼ ਸਾਹਨੀ ਨੇ ਕਿਹਾ ਕਿ ਉਹ ਤਾਂ ਹੈਰਾਨ ਹੈ ਕਿ ਬੱਚੇ ਖੇਡਦੇ ਸਨ ਕੁੱਤੇ ਨਾਲ, ਇਸ ਕਾਰਨ ਉਹ ਚੈੱਕਅਪ ਕਰਵਾਉਣ ਗਿਆ ਪਰ ਬਿਨ੍ਹਾਂ ਕਿਸੇ ਟੈਸਟ ਅਤੇ ਸੋਚੇ- ਸਮਝੇ ਪੂਰੇ ਪਰਿਵਾਰ ਨੂੰ ਹੀ ਪੀਜੀਆਈ ਰੈਫਰ ਕਰ ਦਿੱਤਾ। -ਅੱਜ ਫਿਰ ਰੈਬੀਜ਼ ਦੇ ਟੀਕੇ ਲਗਾ ਕੇ ਭੇਜਿਆ ਪੀਜੀਆਈ ਸੋਮਵਾਰ ਨੂੰ ਮੁੜ ਸੰਤੋਸ਼ ਸਾਹਨੀ ਤੇ ਪਰਿਵਾਰ ਨੂੰ ਰੇਬੀਜ਼ ਦੇ ਸ਼ੱਕ ਵਿਚ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ। ਇਸ ਤੋਂ ਪਹਿਲਾਂ ਪੂਰੇ ਪਰਿਵਾਰ ਦੇ ਕੁੱਤਿਆਂ ਦੇ ਕੱਟਣ ਕਾਰਨ ਲੱਗਣ ਵਾਲੇ ਟੀਕਿਆਂ ਦੀ ਦੂਜੀ ਡੋਜ਼ ਵੀ ਲਗਾਈ ਗਈ। ਅੱਜ ਵੀ ਜਾਂਚ ਉਪਰੰਤ ਪੀਜੀਆਈ ਨੇ ਰੈਬੀਜ਼ ਦੇ ਲੱਛਣਾਂ ਤੋਂ ਸਾਫ਼ ਇਨਕਾਰ ਕਰਦਿਆਂ ਪਰਿਵਾਰ ਨੂੰ ਵਾਪਸ ਭੇਜ ਦਿੱਤਾ। -ਡਾਕਟਰ ਨੂੰ ਮੁੱਢਲੀ ਜਾਂਚ ’ਚ ਰੈਬੀਜ਼ ਦੇ ਲੱਛਣਾਂ ਦਾ ਸੀ ਸ਼ੱਕ ਜਗਰਾਓਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਗੁਰਵਿੰਦਰ ਕੌਰ ਨੇ ਕਿਹਾ ਕਿ ਸੰਤੋਸ਼ ਸਾਹਨੀ ਸਮੇਤ ਪਰਿਵਾਰ ਦੇ ਚੈੱਕਅਪ ਦੌਰਾਨ ਡਿਊਟੀ ਡਾਕਟਰ ਨੂੰ ਰੈਬੀਜ਼ ਦੇ ਲੱਛਣਾਂ ਦਾ ਸ਼ੱਕ ਪਿਆ, ਜਿਸ ਦੀ ਪੁਸ਼ਟੀ ਕਰਨ ਲਈ ਪਰਿਵਾਰ ਨੂੰ ਪੀਜੀਆਈ ਭੇਜਿਆ ਗਿਆ ਸੀ ਤੇ ਉਨ੍ਹਾਂ ਮੰਨਿਆ ਕਿ ਇਸ ਜਾਂਚ ਵਿਚ ਕੁਝ ਵੀ ਗਲਤ ਨਹੀਂ ਪਾਇਆ ਗਿਆ। ਅੱਜ ਮੁੜ ਪਰਿਵਾਰ ਨੂੰ ਪੀਜੀਆਈ ਦੇ ਡਾਕਟਰਾਂ ਦੀ ਟੀਮ ਦੇ ਰੀਵਿਊ ਲਈ ਸੱਦਣ ’ਤੇ ਹੀ ਭੇਜਿਆ ਗਿਆ ਸੀ। -ਸਿਵਲ ਹਸਪਤਾਲ ਹਠੂਰ ਦੀ ਟੀਮ ਨੇ ਕੀਤਾ ਸਰਵੇ ਸਿਵਲ ਹਸਪਤਾਲ ਹਠੂਰ ਦੇ ਐੱਸਐੱਮਓ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਜਿਸ ਇਲਾਕੇ ਕੋਠੇ ਸ਼ੇਰਜੰਗ ਪਰਿਵਾਰ ਰਹਿੰਦਾ ਹੈ ਦੇ ਘਰ ਘਰ ਸਰਵੇ ਕੀਤਾ ਗਿਆ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਰਵੇ ਦੌਰਾਨ ਪੀੜਤ ਪਰਿਵਾਰ ਦੇ ਘਰ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦੇ ਪਰਿਵਾਰ ਸਮੇਤ ਪੂਰੇ ਇਲਾਕੇ ਵਿਚ ਸਰਵੇ ਦੌਰਾਨ ਰੇਬੀਜ਼ ਦੇ ਕੋਈ ਕੇਸ ਜਾਂ ਕਿਸੇ ਵਿਅਕਤੀ ਵਿਚ ਲੱਛਣ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਵੀ ਸਿਵਲ ਹਸਪਤਾਲ ਹਠੂਰ ਦੀ ਟੀਮ ਉਕਤ ਪਰਿਵਾਰ ਨਾਲ ਚੰਡੀਗੜ੍ਹ ਪੀਜੀਆਈ ਗਈ ਸੀ। ਅੱਜ ਵੀ ਜਾਂਚ ਦੌਰਾਨ ਪਰਿਵਾਰ ਵਿਚ ਰੈਬਿਜ਼ ਦੇ ਕੋਈ ਲੱਛਣ ਨਹੀਂ ਪਾਏ ਗਏ।