ਤੇਜ਼ ਰਫਤਾਰ ਗੱਡੀ ਦੀ ਲਪੇਟ ਵਿੱਚ ਆਈ ਕਾਰ ਨਾਲ ਪਰਿਵਾਰ ਗੰਭੀਰ ਰੂਪ ਵਿੱਚ ਫੱਟੜ
ਤੇਜ਼ ਰਫਤਾਰ ਗੱਡੀ ਦੀ ਲਪੇਟ ਵਿੱਚ ਆਈ ਕਾਰ ਨਾਲ ਪਰਿਵਾਰ ਗੰਭੀਰ ਰੂਪ ਵਿੱਚ ਫੱਟੜ
Publish Date: Thu, 08 Jan 2026 07:47 PM (IST)
Updated Date: Thu, 08 Jan 2026 07:51 PM (IST)

ਭਿਆਨਕ ਹਾਦਸੇ ਦੇ ਦੌਰਾਨ ਛੇ ਸਾਲ ਦੇ ਬੱਚੇ ਦੀ ਮੌਤ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਡੇਹਲੋਂ ਦੇ ਰੁੜਕਾ ਚੌਂਕ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦੇ ਦੌਰਾਨ ਗੰਭੀਰ ਰੂਪ ਵਿੱਚ ਫੱਟੜ ਹੋਏ ਛੇ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਇਸ ਕਦਰ ਭਿਆਨਕ ਸੀ ਕਿ ਕਾਰ ਸਵਾਰ ਪੂਰਾ ਪਰਿਵਾਰ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਡੇਹਲੋ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲਹਿਲ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਆਪਣੀ ਪਤਨੀ ਹਰਵਿੰਦਰ ਕੌਰ ਅਤੇ ਛੇ ਸਾਲ ਦੇ ਬੱਚੇ ਧਰਮਿੰਦਰ ਨਾਲ ਆਪਣੇ ਕਾਰ ਵਿੱਚ ਸਵਾਰ ਹੋ ਕੇ ਰੁੜਕਾ ਚੌਂਕ ਚੋਂ ਜੂਸ ਪੀਣ ਜਾ ਰਹੇ ਸਨ। ਉਨਾਂ ਨੇ ਆਪਣੀ ਗੱਡੀ ਸੜਕ ਦੇ ਇੱਕ ਪਾਸੇ ਲਗਾ ਦਿੱਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸੇ ਦੌਰਾਨ ਲੁਧਿਆਣਾ ਵਾਲੇ ਪਾਸਿਓਂ ਇੱਕ ਤੇਜ਼ ਰਫਤਾਰ ਰਿਟਜ ਕਾਰ ਆਈ ਜਿਸਨੇ ਉਨਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਰਿਟਸ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕੁਲਦੀਪ ਸਿੰਘ, ਉਸਦੀ ਪਤਨੀ ਹਰਵਿੰਦਰ ਕੌਰ ਦੋਵਾਂ ਦੇ ਸੱਟਾਂ ਲੱਗੀਆਂ ਅਤੇ ਉਨਾਂ ਦਾ ਬੇਟਾ ਧਰਮਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬੁਰੀ ਤਰ੍ਹਾਂ ਫੱਟੜ ਹੋਏ ਧਰਮਿੰਦਰ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਹਿਲ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਸ਼ਿਕਾਇਤ ਤੇ ਰਿਟਜ਼ ਕਾਰ ਚਾਲਕ ਭਾਈ ਬੀਰ ਸਿੰਘ ਨਗਰ ਮਲੇਰ ਕੋਟਲਾ ਦੇ ਵਾਸੀ ਸੁਨੀਲ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।