ਨਾਬਾਲਿਗ ਧੀ ਦੇ ਅਗਵਾ ਮਾਮਲੇ 'ਚ ਫੁੱਟਿਆ ਪਰਿਵਾਰ ਦਾ ਗੁੱਸਾ
ਨਾਬਾਲਿਗ ਧੀ ਦੇ ਅਗਵਾ ਮਾਮਲੇ 'ਚ ਫੁੱਟਿਆ ਗੁੱਸਾ ਪਰਿਵਾਰ ਤੇ ਈ-ਰਿਕਸ਼ਾ ਚਾਲਕਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
Publish Date: Sat, 06 Jun 2026 09:31 PM (IST)
Updated Date: Sun, 07 Jun 2026 04:14 AM (IST)

ਪਰਿਵਾਰ ਤੇ ਈ-ਰਿਕਸ਼ਾ ਚਾਲਕਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ, ਪੁਲਿਸ ’ਤੇ ਲਾਏ ਲਾਪਰਵਾਹੀ ਦੇ ਗੰਭੀਰ ਦੋਸ਼ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ. ਲੁਧਿਆਣਾ ਸ਼ਹਿਰ ’ਚ ਨਾਬਾਲਿਗ ਲੜਕੀ ਦੇ ਕਥਿਤ ਅਗਵਾ ਹੋਣ ਦੇ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ, ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਈ-ਰਿਕਸ਼ਾ ਚਾਲਕਾਂ ਨੇ ਬਸਤੀ ਜੋਧੇਵਾਲ ਚੌਕ ਨੇੜੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਕੇ ਪੁਲਿਸ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ 3 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨਾਬਾਲਿਗ ਲੜਕੀ ਨੂੰ ਬਰਾਮਦ ਕਰਨ ’ਚ ਨਾਕਾਮ ਰਹੀ ਹੈ ਤੇ ਕਾਰਵਾਈ ਕਰਨ ਦੀ ਬਜਾਏ ਪਰਿਵਾਰ ਨੂੰ ਹੀ ਸੀਸੀਟੀਵੀ ਫੁਟੇਜ ਇਕੱਠੀ ਕਰਨ ਲਈ ਮਜਬੂਰ ਕੀਤਾ ਗਿਆ। ਲੱਗਭਗ ਇਕ ਘੰਟੇ ਤੱਕ ਚੱਲੇ ਇਸ ਪ੍ਰਦਰਸ਼ਨ ਦੌਰਾਨ ਆਟੋ ਤੇ ਈ-ਰਿਕਸ਼ਾ ਚਾਲਕਾਂ ਨੇ ਆਪਣੇ ਵਾਹਨ ਸੜਕ ਵਿਚਕਾਰ ਖੜ੍ਹੇ ਕਰ ਦਿੱਤੇ, ਜਿਸ ਕਾਰਨ ਨੈਸ਼ਨਲ ਹਾਈਵੇ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਭਿਆਨਕ ਗਰਮੀ ’ਚ ਸੈਂਕੜੇ ਵਾਹਨ ਲੰਬੇ ਜਾਮ ’ਚ ਫਸੇ ਰਹੇ। ਬਾਅਦ ’ਚ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਤੇ ਆਵਾਜਾਈ ਮੁੜ ਬਹਾਲ ਕਰਵਾਈ। ਬਾਕਸ-- ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਗਈ ਧੀ ਰਹੱਸਮਈ ਢੰਗ ਨਾਲ ਲਾਪਤਾ ਨਿਊ ਮਾਧੋਪੁਰੀ ਦਾ ਰਹਿਣ ਵਾਲੇ ਆਟੋ ਚਾਲਕ ਮਨਪ੍ਰਿਆ ਮਾਧੋ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪ੍ਰੀਤੀ ਇੱਕ ਰੈਡੀਮੇਡ ਗਾਰਮੈਂਟ ਸਟੋਰ ’ਚ ਕੰਮ ਕਰਦੀ ਹੈ। 3 ਜੂਨ ਦੀ ਦੁਪਹਿਰ ਉਹ ਘਰ ਆਈ ਤੇ ਆਪਣੀ ਤਨਖ਼ਾਹ ’ਚੋਂ 15 ਹਜ਼ਾਰ ਰੁਪਏ ਧੀ ਨੂੰ ਦੇ ਕੇ ਬੈਂਕ ਖਾਤੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਉਹ ਮੁੜ ਕੰਮ ’ਤੇ ਚਲੀ ਗਈ। ਪਰਿਵਾਰ ਮੁਤਾਬਕ ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਨਾਬਾਲਿਗ ਧੀ ਨੂੰ ਅਗਵਾ ਕਰ ਲਿਆ। ਸ਼ਾਮ ਕਰੀਬ 5 ਵਜੇ ਜਦੋਂ ਮਨਪ੍ਰਿਆ ਘਰ ਵਾਪਸ ਆਏ ਤਾਂ ਧੀ ਘਰ ’ਚ ਮੌਜੂਦ ਨਹੀਂ ਸੀ। ਪਰਿਵਾਰ ਨੇ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਣ ’ਤੇ ਰਾਤ ਕਰੀਬ 8 ਵਜੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬਾਕਸ-- ਪੁਲਿਸ ਨੇ ਜਾਂਚ ਦੀ ਬਜਾਏ ਪਰਿਵਾਰ ਨੂੰ ਹੀ ਸੀਸੀਟੀਵੀ ਲੱਭਣ ਲਈ ਕਿਹਾ ਨਾਬਾਲਗ ਦੇ ਪਿਤਾ ਨੇ ਦੋਸ਼ ਲਾਇਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਿਸ ਨੇ ਤੁਰੰਤ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਇਕੱਠੀ ਕਰਨ ਦੀ ਜ਼ਿੰਮੇਵਾਰੀ ਵੀ ਪਰਿਵਾਰ ’ਤੇ ਹੀ ਛੱਡ ਦਿੱਤੀ। ਮਨਪ੍ਰਿਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਖੁਦ ਵੱਖ-ਵੱਖ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਤਿੰਨ ਵਿਅਕਤੀ ਉਨ੍ਹਾਂ ਦੀ ਧੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ। ਬਾਕਸ-- ਪਿਤਾ ਦੇ ਮੁਤਾਬਕ ਉਸ ਦੀ ਨਬਾਲਗ ਬੇਟੀ ਰੋ ਰਹੀ ਸੀ ਮਨ ਪ੍ਰਿਆ ਨੇ ਦਸਿਆ ਕਿ ਸੀਸੀਟੀਵੀ ਫੁਟੇਜ ਤੇ ਝਾਤੀ ਮਾਰਨ ਤੋਂ ਬਾਅਦ ਉਨ੍ਹਾਂ ਦੇ ਹੋਸ਼ ਉੱਡ ਗਏ। ਲੜਕੀ ਦੇ ਪਿਤਾ ਦੀ ਮੰਨੀਏ ਤਾਂ ਫੁਟੇਜ ’ਚ ਲੜਕੀ ਰੋਂਦੀ ਹੋਈ ਵੀ ਦਿਖਾਈ ਦੇ ਰਹੀ ਹੈ, ਜਿਸ ਨਾਲ ਪਰਿਵਾਰ ਦੀ ਚਿੰਤਾ ਹੋਰ ਵੱਧ ਗਈ। ਬਾਕਸ- 3 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ, ਮਾਂ ਨੇ ਬਿਆਨ ਕੀਤਾ ਦਰਦ ਲੜਕੀ ਦੀ ਮਾਂ ਪ੍ਰੀਤੀ ਨੇ ਭਾਵੁਕ ਹੋ ਕੇ ਕਿਹਾ ਕਿ 3 ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਧੀ ਦਾ ਕੋਈ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਕੋਲ ਵਾਰ-ਵਾਰ ਗੁਜ਼ਾਰਿਸ਼ ਕਰਨ ਦੇ ਬਾਵਜੂਦ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ, ਜਿਸ ਕਾਰਨ ਮਜਬੂਰ ਹੋ ਕੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕਰਨਾ ਪਿਆ। ਬਾਕਸ-- ਪੁਲਿਸ ਦਾ ਕੇਸ ਦਰਜ ਕਰਨ ਦਾ ਦਾਅਵਾ, ਮੁਲਜ਼ਮ ਜਲਦ ਹੋਣਗੇ ਕਾਬੂ ਮਾਮਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਿਟੀ-1) ਸਮੀਰ ਵਰਮਾ ਨੇ ਦੱਸਿਆ ਕਿ ਥਾਣਾ ਦਰੇਸੀ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 127(6) ਤਹਿਤ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਦਰੇਸੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਮੋਬਾਈਲ ਫੋਨ ਬੰਦ ਹੈ ਤੇ ਪੁਲਿਸ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਲੜੀਵਾਰ ਜਾਂਚ ਕਰ ਕੇ ਅਗਵਾਕਾਰਾਂ ਦੇ ਰੂਟ ਦਾ ਪਤਾ ਲਾਉਣ ਵਿੱਚ ਜੁਟੀ ਹੋਈ ਹੈ। ਬਾਕਸ-- ਸ਼ਹਿਰ ’ਚ ਵਧੀ ਚਿੰਤਾ, ਧੀ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਨਾਬਾਲਿਗ ਲੜਕੀ ਦੇ ਅਗਵਾ ਹੋਣ ਤੇ 3 ਦਿਨ ਬਾਅਦ ਵੀ ਕੋਈ ਠੋਸ ਸੁਰਾਗ ਨਾ ਮਿਲਣ ਕਾਰਨ ਇਲਾਕੇ ਦੇ ਲੋਕਾਂ ’ਚ ਚਿੰਤਾ ਅਤੇ ਗੁੱਸਾ ਦੋਵੇਂ ਦੇਖਣ ਨੂੰ ਮਿਲ ਰਹੇ ਹਨ। ਪਰਿਵਾਰ ਦੀ ਇਕੋ ਮੰਗ ਹੈ ਕਿ ਉਨ੍ਹਾਂ ਦੀ ਧੀ ਨੂੰ ਸੁਰੱਖਿਅਤ ਬਰਾਮਦ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਨੇ ਇੱਕ ਵਾਰ ਫਿਰ ਸ਼ਹਿਰ ’ਚ ਬੱਚਿਆਂ ਦੀ ਸੁਰੱਖਿਆ ਤੇ ਪੁਲਿਸ ਦੀ ਤੁਰੰਤ ਕਾਰਵਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।