- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਹਿਮਾਂ ਭਰਮਾਂ ਵਿੱਚ ਪੈਣ ਨਾਲ ਵੱਧ ਸਕਦਾ ਟੀਬੀ ਦਾ ਖਤਰਾ-ਡਾ.ਰਮਨਦੀਪ ਕੌਰ

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਟੀਬੀ ਦੀ ਬਿਮਾਰੀ ਦੇ ਖ਼ਾਤਮੇ ਲਈ ਸਿਹਤ ਵਿਭਾਗ ਵੱਲੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਲਗਾਤਾਰ ਜਾਗਰੂਕਤਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਟੀਬੀ ਇੱਕ ਗੰਭੀਰ ਬਿਮਾਰੀ ਹੈ ਜੋ ਸਮੇਂ ਸਿਰ ਇਲਾਜ ਹੋਣ ਨਾਲ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਕਈ ਮਰੀਜ਼ ਟੀਬੀ ਹੋਣ ਤੇ ਉਸਦਾ ਇਲਾਜ ਕਰਾਉਣ ਦੀ ਥਾਂ ਵਹਿਮਾਂ-ਭਰਮਾਂ ਵਿੱਚ ਪੈ ਕੇ ਧਾਗੇ ਤਵੀਤ ਅਤੇ ਝਾੜ ਫੂਕ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ, ਜਿਸ ਨਾਲ ਮਰੀਜ਼ ਦੀ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ। ਇਸ ਨਾਲ ਉਸਦੇ ਪਰਿਵਾਰ ਆਦਿ ਵਿੱਚ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਟੀਬੀ ਦੀ ਬਿਮਾਰੀ ਦਾ ਸਹੀ ਸਮੇ ਤੇ ਇਲਾਜ ਕਰਾਉਣ ਦੇ ਨਾਲ ਨਾਲ ਪ੍ਰਹੇਜ਼ ਰੱਖਣ ਤੇ ਮਰੀਜ ਛੇਤੀ ਠੀਕ ਹੋ ਜਾਂਦਾ ਹੈ। ਇਸ ਲਈ ਮਰੀਜ ਸਮੇ ਸਿਰ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣ। ਜੇ ਕੋਈ ਵੀ ਵਿਅਕਤੀ ਜਾਂਚ ਦੌਰਾਨ ਟੀਬੀ ਦਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਸਰਕਾਰੀ ਸਿਹਤ ਕੇਂਦਰਾਂ ਤੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਸਬੰਧੀ ਜ਼ਿਲ੍ਹਾ ਟੀਬੀ ਅਤੇ ਜਿਲ੍ਹਾ ਸਿਹਤ ਅਫ਼ਸਰ ਅਫ਼ਸਰ ਡਾ.ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਟੀਬੀ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਬਿਮਾਰੀ ਹੱਡੀਆਂ, ਦਿਮਾਗ, ਗ੍ਰੰਥੀਆਂ ਅਤੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਫੇਫੜਿਆਂ ਦੀ ਟੀਬੀ ਹਵਾ ਰਾਹੀਂ ਫੈਲਦੀ ਹੈ, ਜਦੋਂ ਕੋਈ ਪੀੜਤ ਵਿਅਕਤੀ ਖੰਘਦਾ,ਛਿੱਕਦਾ ਜਾਂ ਬਿਨਾਂ ਮੂੰਹ ਢੱਕੇ ਗੱਲ ਕਰਦਾ ਹੈ ਤਾਂ ਟੀਬੀ ਦੇ ਕੀਟਾਣੂ ਹਵਾ ਵਿੱਚ ਛੱਡ ਦਿੰਦਾ ਹੈ ਜਿਸ ਨਾਲ ਟੀਬੀ ਅੱਗੇ ਫੈਲ ਸਕਦੀ ਹੈ।
ਇਸ ਲਈ ਮਰੀਜ਼ ਨੂੰ ਭੀੜ ਵਾਲੀਆਂ ਥਾਵਾਂ ‘ਤੇ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦੇ ਮਰੀਜ਼ ਦਾ ਉਸ ਦੇ ਘਰ ਦੇ ਨੇੜੇ ਹੀ ਮੁਫਤ ਇਲਾਜ ਦਿੱਤਾ ਜਾਂਦਾ ਹੈ। ਟੀਬੀ ਦੇ ਮੁੱਖ ਲੱਛਣਾਂ ਵਿਚ ਦੋ ਹਫ਼ਤਿਆਂ ਤੋਂ ਵੱਧ ਖੰਘ ਦਾ ਰਹਿਣਾ, ਬਲਗਮ ਵਿੱਚੋਂ ਖੂਨ ਆਉਣਾ, ਲਗਾਤਾਰ ਬੁਖਾਰ, ਰਾਤ ਨੂੰ ਪਸੀਨੇ ਆਉਣਾ, ਭੁੱਖ ਨਾ ਲੱਗਣਾ, ਵਜ਼ਨ ਘਟਣਾ ਤੇ ਸਰੀਰ ਵਿੱਚ ਕਮਜ਼ੋਰੀ ਦਾ ਆਉਣਾ ਆਦਿ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਮਰੀਜ਼ ਦਾ ਸਮੇ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਦਵਾਈ ਪੂਰੇ ਸਮੇਂ ਤੱਕ ਨਿਯਮਤ ਲੈਣੀ ਬਹੁਤ ਜ਼ਰੂਰੀ ਹੈ।
ਦਵਾਈ ਅਧੂਰੀ ਛੱਡਣ ਨਾਲ ਬਿਮਾਰੀ ਮੁੜ ਵਧ ਸਕਦੀ ਹੈ ਤੇ ਦਵਾਈਆਂ ਬੇਅਸਰ ਹੋ ਸਕਦੀਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਟੀਬੀ ਕੋਈ ਸ਼ਰਮ ਦੀ ਗੱਲ ਨਹੀਂ ਹੈ, ਸਗੋਂ ਇੱਕ ਆਮ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ। ਟੀਬੀ ਤੋਂ ਬਚਾਅ ਲਈ ਸਾਫ਼-ਸਫ਼ਾਈ ਰੱਖਣਾ, ਖੰਘਣ ਜਾਂ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕਣਾ, ਇਧਰ-ਉਧਰ ਨਾ ਥੁੱਕਣਾ, ਪੋਸ਼ਣ ਭਰਪੂਰ ਖੁਰਾਕ ਵਰਤਣਾ ਅਤੇ ਖੁੱਲ੍ਹੀ ਹਵਾ ਵਿੱਚ ਰਹਿਣਾ ਲਾਭਕਾਰੀ ਹੈ। ਇਸ ਸਬੰਧੀ ਅੱਜ ਮਾਸ ਮੀਡੀਆ ਵਿੰਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਯਾਲੀ ਖੁਰਦ ਵਿਖੇ ਸਮੂਹ ਅਧਿਆਪਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਗਿਆ।