ਫੈਕਟਰੀ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਉਡਾਇਆ
ਫੈਕਟਰੀ ਦੇ ਤਾਲੇ ਤੋੜ ਕੇ ਉੜਾਈ ਨਗਦੀ ਅਤੇ ਸਮਾਨ
Publish Date: Tue, 17 Mar 2026 10:15 PM (IST)
Updated Date: Wed, 18 Mar 2026 04:16 AM (IST)

ਮੁਲਜ਼ਮਾਂ ਦੀ ਹੋਈ ਸ਼ਨਾਖਤ, ਦੋ ਗ੍ਰਿਫਤਾਰ ਤੇ ਸਾਥੀ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਬਹਾਦਰ ਕੇ ਰੋਡ ਸਥਿਤ ਮਨਮੋਹਨ ਕਲੋਨੀ ਵਿੱਚ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕਰਨ ਵਾਲੇ ਦੋ ਕਥਿਤ ਮੁਲਜ਼ਮਾਂ ਨੂੰ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਉਨ੍ਹਾਂ ਦਾ ਤੀਜਾ ਸਾਥੀ ਅਜੇ ਫਰਾਰ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਸ ਮੁਹੰਮਦ ਅਤੇ ਆਸਿਫ ਵਾਸੀ ਨਿਊ ਕਰਮਸਰ ਕਾਲੋਨੀ ਦੇ ਰੂਪ ਵਿੱਚ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾਜ ਮੁਜੱਫਰ ਨਗਰ ਦੇ ਰਹਿਣ ਵਾਲੇ ਹਨ। ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਫੈਕਟਰੀ ਮਾਲਕ ਰਿਸ਼ੀ ਨਗਰ ਤੇ ਰਹਿਣ ਵਾਲੇ ਗਗਨ ਸੇਠ ਜੈਨ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ। ਗਗਨ ਸੇਠ ਜੈਨ ਮੁਤਾਬਕ ਬਹਾਦਰ ਕੇ ਰੋਡ ਮਨਮੋਹਨ ਕਲੋਨੀ ਵਿੱਚ ਉਹ ਇੱਕ ਫੈਕਟਰੀ ਚਲਾਉਂਦਾ ਹੈ। ਫੈਕਟਰੀ ਵਿੱਚ ਵੱਖ-ਵੱਖ ਫਰਮਾਂ ਦੇ ਕੱਪੜੇ ਦਾ ਮਾਲ ਫੈਬਰਿਕੇਸ਼ਨ ਕਰਕੇ ਤਿਆਰ ਕਰਦਾ ਹੈ। ਸ਼ਿਕਾਇਤ ਕਰਤਾ ਮੁਤਾਬਕ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਫੈਕਟਰੀ ਦੇ ਦਫਤਰ ਨੂੰ ਲੱਗੇ ਸ਼ਟਰ ਦਾ ਤਾਲਾ ਤੋੜ ਕੇ ਦਫਤਰ ਦੇ ਮੰਦਰ ਵਿੱਚ ਪਈ ਕਰੀਬ ਛੇ-ਸੱਤ ਹਜ਼ਾਰ ਰੁਪਏ ਨਗਦੀ ਅਤੇ ਫੈਕਟਰੀ ਵਿੱਚ ਪਏ ਕਰੀਬ 35 ਥਾਨ ਮਹਿੰਗਾ ਕੱਪੜਾ ਚੋਰੀ ਕੀਤਾ ਅਤੇ ਛੋਟੇ ਹਾਥੀ ਤੇ ਲੋਡ ਕਰਕੇ ਮੌਕੇ ਤੋਂ ਫਰਾਰ ਹੋ ਗਏ। ਅਗਲੇ ਦਿਨ ਉਨ੍ਹਾਂ ਨੂੰ ਉਕਤ ਚੋਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਪੱਧਰ ਤੇ ਵਾਰਦਾਤ ਦੀ ਪੜਤਾਲ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਹੋਰ ਸੁਹਾਗਾਂ ਦੀ ਮਦਦ ਨਾਲ ਸਾਫ ਹੋ ਗਿਆ ਕਿ ਚੋਰੀ ਦੀ ਇਹ ਵਾਰਦਾਤ ਮੁਲਜ਼ਮ ਆਸ ਮੁਹੰਮਦ ਅਤੇ ਆਸਿਫ ਨੇ ਆਪਣੇ ਇੱਕ ਹੋਰ ਅਣਪਛਾਤੇ ਸਾਥੀ ਦੀ ਮਦਦ ਨਾਲ ਅੰਜਾਮ ਦਿੱਤੀ ਸੀ। ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਸੁਖਵਿੰਦਰ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਆਸ ਮੁਹੰਮਦ ਅਤੇ ਆਸਿਫ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਆਸ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਪੜਤਾਲ ਦੌਰਾਨ ਉਨ੍ਹਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਹੋਰ ਵਾਰਦਾਤਾਂ ਸਬੰਧੀ ਵੀ ਅਹਿਮ ਸੁਰਾਗ ਹੱਥ ਲੱਗਣਗੇ।