38 ਸਾਲ ਬਾਅਦ ਵੀ ਚਮਕੀਲੇ ਦੀ ਗਾਇਕੀ ਦਾ ਜਾਦੂ ਬਰਕਰਾਰ : ਐੱਮਐੱਲਏ ਦੇਵ ਮਾਨ
38 ਸਾਲ ਬਾਅਦ ਵੀ ਚਮਕੀਲੇ ਦੀ ਗਾਇਕੀ ਦਾ ਜਾਦੂ ਬਰਕਰਾਰ-ਐੱਮਐੱਲਏ ਦੇਵ ਮਾਨ
Publish Date: Sun, 08 Mar 2026 06:42 PM (IST)
Updated Date: Mon, 09 Mar 2026 04:09 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਐਤਵਾਰ ਨੂੰ ਪੰਜਾਬੀ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਸਵਰਗੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ 38ਵੀ ਸਾਲਾਨਾ ਬਰਸੀ ’ਤੇ ਦੁੱਗਰੀ ਦੀ ਸਬਜ਼ੀ ਮੰਡੀ ਵਿਖੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਸਤਾਦ ਮੁਹੰਮਦ ਸਦੀਕ, ਚਮਕੀਲੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ, ਜਵਾਈ ਦਿਲਰਾਜ ਪਿੰਕਾ, ਮੇਲਾ ਕਮੇਟੀ ਦੇ ਚੇਅਰਮੈਨ ਦੇਵ ਮਾਨ ਐੱਮਐੱਲਏ ਨਾਭਾ, ਉਪ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਵਿਧਾਇਕ ਤੇ ਕਲੱਬ ਦੇ ਪ੍ਰਧਾਨ ਬਲਜੇਤ ਸਰਾਂ ਤੋਂ ਇਲਾਵਾ ਚਮਕੀਲੇ ਦੀ ਧੀ ਅਮਨਦੀਪ ਕੌਰ, ਗੁਰਮੀਤ ਸਿੰਘ ਬੜੂੰਦੀ, ਦੀਦਾਰ, ਪ੍ਰਦੀਪ ਅੱਪੂ ਤੇ ਗੁਰਦੀਪ ਦੀਪੀ ਕਮੇਟੀ ਮੈਂਬਰ ਵੀ ਹਾਜ਼ਰ ਸਨ। ਗਾਇਕੀ ਦੇ ਖੁੱਲ੍ਹੇ ਅਖਾੜੇ ਦੀ ਸ਼ੁਰੂਆਤ ਕਿੱਕਰ ਡਾਲੇਵਾਲਾ ਵੱਲੋਂ ਗਾਏ ਧਾਰਮਿਕ ਗੀਤ ਤਾਰਿਆਂ ਦੀ ਲੋਏ ਲੋਏ ਨਾਲ ਹੋਈ। ਇਸ ਮੌਕੇ ਜਿੱਥੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਅਤੇ ਆਉਣ ਪੇਕਿਆਂ ਤੋਂ ਠੰਢੀਆਂ ਹਵਾਵਾਂ ਦੀ ਪੇਸ਼ਕਾਰੀ ਨਾਲ ਮਹੌਲ ਨੂੰ ਸੱਭਿਆਚਾਰਕ ਰੰਗ ਵਿੱਚ ਰੰਗ ਦਿੱਤਾ ਉੱਥੇ ਮਰਹੂਮ ਗਾਇਕ ਉਸਤਾਦ ਸੁਰਿੰਦਰ ਛਿੰਦਾ ਦੇ ਸ਼ਗਿਰਦ ਸੋਹਣ ਸਿਕੰਦਰ ਨੇ ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਗਾ ਕੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਵੱਖ ਵੱਖ ਗੀਤਾਂ ਨਾਲ ਪ੍ਰਸਿੱਧ ਗਾਇਕਾ ਅਮਨ ਰੋਜ਼ੀ, ਰਣਜੀਤ ਮਣੀ, ਕਰਮਜੀਤ ਅਨਮੋਲ, ਲਾਭ ਹੀਰਾ, ਸੁੱਚਾ ਰੰਗੀਲਾ, ਮਨਦੀਪ ਮੈਂਡੀ, ਗਿੱਲ ਹਰਦੀਪ, ਸਰਬਜੀਤ ਚੀਮਾ, ਦਲੇਰ ਪੰਜਾਬੀ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਸੋਹਣ ਸਿਕੰਦਰ ਹਰਜੀਤ ਸਿੱਧੂ, ਪ੍ਰਵੀਨ ਦਰਦੀ, ਭਾਗ ਸੰਦਲੀ, ਤਨਵੀਰ ਜਲਾਲ, ਕਮਲ ਖ਼ਾਨ, ਹਰਵਿੰਦਰ ਹੈਰੀ, ਸੀਫਾ, ਮੁਹੰਮਦ ਇਰਸ਼ਾਦ, ਸਿਮਰਨ ਰਾਜ ਤੇ ਹੋਰ ਕਲਾਕਾਰ ਨੇ ਵੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਬੰਧਕਾਂ ਨੇ ਸੰਗੀਤਕਾਰ ਸਚਿਨ ਆਹੂਜਾ, ਕਰਮਜੀਤ ਅਨਮੋਲ, ਲਾਭ ਹੀਰਾ, ਸੰਜੀਵ ਆਨੰਦ, ਗੀਤਕਾਰ ਅਲਬੇਲ ਬਰਾੜ ਤੇ ਬਾਰਾਊਨ ਕੁੜੀ ਹਰਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ। ਮੰਚ ਦਾ ਸੰਚਾਲਨ ਬਲਜੇਤ ਸਰਾਂ ਅਤੇ ਆਸ਼ੂ ਚੋਪੜਾ ਨੇ ਸਾਂਝੇ ਤੌਰ ਤੇ ਕੀਤਾ। ------- ਸੱਭਿਆਚਾਰਕ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਡਾਇਰੈਕਟਰ ਇਮਤਿਆਜ਼ ਅਲੀ ਸੱਭਿਆਚਾਰਕ ਮੇਲੇ ਵਿੱਚ ਮੁੰਬਈ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਚਮਕੀਲਾ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਅਤੇ ਪ੍ਰਡਿਊਸਰ ਮੋਹਿਤ ਚੌਧਰੀ ਦਾ ਚੇਅਰਮੈਨ ਦੇਵ ਮਾਨ ਐੱਮਐੱਲਏ ਨਾਭਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਦੇਵ ਮਾਨ ਨੇ ਕਿਹਾ ਕਿ 38 ਸਾਲ ਬਾਅਦ ਵੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਗਾਇਕੀ ਦਾ ਜਾਦੂ ਉਸੇ ਤਰ੍ਹਾਂ ਬਰਕਰਾਰ ਹੈ। ਡਾਇਰੈਕਟਰ ਇਮਤਿਆਜ਼ ਅਲੀ ਅਤੇ ਪ੍ਰਡਿਊਸਰ ਮੋਹਿਤ ਚੌਧਰੀ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਇੰਨ੍ਹਾਂ ਸ਼ਖਸੀਅਤਾਂ ਸਦਕਾ ਫਿਲਮ ਜ਼ਰੀਏ ਚਮਕੀਲੇ ਨੂੰ ਦੁਨੀਆਂ ਭਰ ਵਿੱਚ ਪਹੁੰਚਾ ਦਿੱਤਾ ਗਿਆ। ਇਸ ਮੌਕੇ ਡਾਇਰੈਕਟਰ ਇਮਤਿਆਜ਼ ਅਲੀ ਨੇ ਚਮਕੀਲਾ ਫਿਲਮ ਨੂੰ ਮਿਲਿਆ ਐਵਾਰਡ ਵੀ ਪਰਿਵਾਰ ਨੂੰ ਭੇਟ ਕੀਤਾ। ਇਮਤਿਆਜ਼ ਅਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਚਮਕੀਲਾ ਦੀ ਯਾਦ ਵਿੱਚ ਇਹ ਜਸ਼ਨ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇ। ਮੇਲੇ ਦੀ ਸਮਾਪਤੀ ਤੇ ਚਮਕੀਲੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਭਰਪੂਰ ਸਿੰਘ ਜੱਸੋਵਾਲ, ਗੀਤਕਾਰ ਸੰਧੇ ਸੁਖਬੀਰ, ਮੇਜਰ ਸਿੰਘ ਜਖੇਪਲ, ਚਮਕ ਚਮਕੀਲਾ, ਸੁੱਖ ਚਮਕੀਲਾ, ਸਵਰਨ ਸਿੰਘ ਮਾਨਸਾ, ਕਰਨੈਲ ਸਿੰਘ ਸਿਵੀਆ ਆਦਿ ਹਾਜ਼ਰ ਸਨ।