ਚੂਹਿਆਂ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕ ਨੂੰ ਮਿਲਿਆ ਪੇਟੈਂਟ
ਚੂਹਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨੀਕ ਨੂੰ ਪੇਟੈਂਟ ਪ੍ਰਾਪਤ ਹੋਇਆ
Publish Date: Tue, 06 Jan 2026 08:28 PM (IST)
Updated Date: Wed, 07 Jan 2026 04:09 AM (IST)

ਪੇਟੈਂਟ ਖੋਜੀਆਂ ’ਚ ਡਾ. ਨੀਨਾ ਸਿੰਗਲਾ, ਮਿਸ ਡਿੰਪਲ ਮੰਡਲਾ ਤੇ ਡਾ. ਅਨੂ ਕਾਲੀਆ ਸ਼ਾਮਲ ਵਾਈਸ-ਚਾਂਸਲਰ ਡਾ. ਗੋਸਲ ਵੱਲੋਂ ਮਹੱਤਵਪੂਰਨ ਪ੍ਰਾਪਤੀ ਲਈ ਖੋਜੀਆਂ ਨੂੰ ਵਧਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਨੂੰ ਚੂਹਿਆਂ ਦੀ ਰੋਕਥਾਮ ਵਾਤਾਵਰਣ ਪੱਖੀ ਗਰਭਨਿਰੋਧਕ ਚਾਰੇ ਲਈ ਪੇਟੈਂਟ ਪ੍ਰਾਪਤ ਹੋਇਆ ਹੈ। ਇਹ ਨਵੀਂ ਤਕਨਾਲੋਜੀ ਰਵਾਇਤੀ ਤਕਨੀਕ ਨਾਲ ਚੂਹਿਆਂ ਦੀ ਰੋਕਥਾਮ ਦੇ ਤਰੀਕਿਆਂ ਦੀ ਥਾਂ ਇੱਕ ਨਵੀਂ ਵਿਧੀ ਹੈ, ਕਿਉਂਕਿ ਇਹ ਤਕਨੀਕ ਗੈਰ-ਹਿੰਸਕ ਤੇ ਚੂਹਿਆਂ ਦੇ ਜਨਮ ’ਤੇ ਕਾਬੂ ਪਾਉਣ ਦੀ ਪਹੁੰਚ ਅਪਣਾਉਂਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਤੇ ਵਾਤਵਰਣ ਪੱਖੀ ਨਤੀਜੇ ਸਾਹਮਣੇ ਆਉਂਦੇ ਹਨ। ਰਵਾਇਤੀ ਚੂਹਾ ਮਾਰ ਤਰੀਕਿਆਂ ਜੋ ਚੂਹਿਆਂ ਨੂੰ ਮਾਰਨ ’ਤੇ ਆਧਾਰਿਤ ਸਨ, ਤੋਂ ਉਲਟ ਚਾਰੇ ਦਾ ਇਹ ਢੰਗ ਉਨ੍ਹਾਂ ਦੀ ਆਬਾਦੀ ਦੇ ਤੇਜ਼ੀ ਨਾਲ ਵਧਣ ਨੂੰ ਰੋਕਦਾ ਹੈ। ਪੀਏਯੂ ਵੱਲੋਂ ਵਿਕਸਿਤ ਇਹ ਤਕਨਾਲੋਜੀ ਚੂਹਿਆਂ ਦੀ ਪ੍ਰਜਣਨ ਸਮਰੱਥਾ ਤੇ ਜਨਮ ਦਰ ਘਟਾ ਕੇ ਉਨ੍ਹਾਂ ਦੀ ਸੰਖਿਆ ਨੂੰ ਕੰਟਰੋਲ ਕਰਦੀ ਹੈ। ਚੂਹਿਆਂ ਦਾ ਗਰਭਨਿਰੋਧਕ ਚਾਰਾ ਸੁਆਦਲਾ, ਵਰਤਣ ’ਚ ਆਸਾਨ ਹੈ ਤੇ ਕਿਸਾਨਾਂ ਵੱਲੋਂ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਪੇਟੈਂਟ ਪ੍ਰਾਪਤ ਕਰਨ ਵਾਲੀ ਇਸ ਤਕਨੀਕ ਦੀ ਮੁੱਖ ਵਿਸ਼ੇਸ਼ਤਾ ਚੂਹਿਆਂ ਦੀ ਪ੍ਰਜਣਨ ਸਮਰੱਥਾ ਨੂੰ ਰੋਕ ਕੇ ਉਨ੍ਹਾਂ ਦੀ ਆਬਾਦੀ ਘਟਾਉਂਦੀ ਹੈ, ਜਿਸ ਨਾਲ ਵਾਤਾਵਰਣੀ ਪ੍ਰਦੂਸ਼ਣ ਘਟਦਾ ਹੈ ਤੇ ਬਾਕੀ ਜੀਵਾਂ ਲਈ ਸੁਰੱਖਿਆ ਵਧਦੀ ਹੈ। ਇਹ ਵਾਤਾਵਰਨ ਪੱਖੀ ਚਾਰਾ ਖੇਤਾਂ ’ਚ ਵਰਤੋਂ ਲਈ ਤਿਆਰ, ਵਿਹਾਰਕ ਤੇ ਵੱਡੇ ਪੱਧਰ ’ਤੇ ਲਾਗੂ ਕਰਨ ਯੋਗ ਹੈ, ਜਿਸ ਨਾਲ ਇਸ ਨੂੰ ਸ਼ਹਿਰੀ ਤੇ ਅਰਧ-ਸ਼ਹਿਰੀ ਖੇਤਰਾਂ ’ਚ ਵੀ ਵਰਤਿਆ ਜਾ ਸਕਦਾ ਹੈ। ਮਾਰੂ ਤਰੀਕਿਆਂ ਦੀ ਥਾਂ ਇੱਕ ਤਕਨਾਲੋਜੀ ਪ੍ਰਭਾਵਸ਼ਾਲੀ ਬਦਲ ਪੇਸ਼ ਕਰਦੀ ਹੈ, ਜਿਸ ਨਾਲ ਇਸ ਤਕਨਾਲੋਜੀ ਨੂੰ ਸੰਯੁਕਤ ਚੂਹਾ ਪ੍ਰਬੰਧਨ ਤਰੀਕਿਆਂ ’ਚ ਅਪਣਾਏ ਜਾਣ ਦੀ ਸੰਭਾਵਨਾ ਹੈ। ਇਸ ਢੰਗ ਨਾਲ ਫਸਲਾਂ, ਜਨਤਕ ਸਿਹਤ ਤੇ ਵਾਤਵਰਣ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ। ਇਹ ਪੇਟੈਂਟ ਖੋਜੀਆਂ ’ਚ ਡਾ. ਨੀਨਾ ਸਿੰਗਲਾ, ਪ੍ਰਿੰਸੀਪਲ ਜੂਲੌਜਿਸਟ (ਚੂਹੇ), ਮਿਸ ਡਿੰਪਲ ਮੰਡਲਾ ਪੀਐੱਚਡੀ. ਵਿਦਿਆਰਥਣ ਤੇ ਡਾ. ਅਨੂ ਕਾਲੀਆ ਸੀਨੀ. ਸਾਇੰਟਿਸਟ (ਨੈਨੋਟੈਕਨੋਲੋਜੀ) ਨੂੰ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੀਆਂ ਅੰਤਰ-ਵਿਭਾਗੀ ਕੋਸ਼ਿਸ਼ਾਂ ਨਾਲ ਇਹ ਪ੍ਰਭਾਵਸ਼ਾਲੀ ਤੇ ਕਿਸਾਨ ਪੱਖੀ ਤਕਨੀਕ ਵਿਕਸਿਤ ਹੋਈ ਹੈ। ਚੂਹਿਆਂ ਦੇ ਲੰਬੇ ਸਮੇਂ ਤੱਕ ਪ੍ਰਬੰਧਨ ਲਈ ਵਾਤਾਵਰਣ ਪੱਖੀ ਗਰਭਨਿਰੋਧਕ ਚਾਰਾ ਵਿਕਸਿਤ ਕਰਨ ਸੰਬੰਧੀ ਕੰਮ ਨੂੰ ਜੁਆਲੋਜੀ ਵਿਭਾਗ ’ਚ ਚੱਲ ਰਹੇ ਆਲ ਇੰਡੀਆ ਨੈੱਟਵਰਕ ਪ੍ਰਾਜੈਕਟ ਆਨ ਵਰਟੀਬ੍ਰੇਟ ਪੈਸਟ ਮੈਨੇਜਮੈਂਟ ਦਾ ਸਹਿਯੋਗ ਪ੍ਰਾਪਤ ਹੋਇਆ ਹੈ। ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰ ਸਿੰਘ ਗਿੱਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨੀਟੀਜ਼ ਡਾ. ਕਿਰਨ ਬੈਂਸ ਤੇ ਐਸੋਸੀਏਟ ਡਾਇਰੈਕਟਰ, ਟੈਕਨੋਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈੱਲ ਡਾ. ਖੁਸ਼ਦੀਪ ਧਰਨੀ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਖੋਜੀਆਂ ਨੂੰ ਵਧਾਈ ਦਿੱਤੀ।