ਬੁੱਲੇਪੁਰ ਸਕੂਲ ਨੂੰ ਦੇ ਵਿਦਿਆਰਥੀਆਂ ਕਿਤਾਬਾਂ ਭੇਟ
ਐਮੀਨੈਂਸ ਅੱਪਰਚਿਊਨਿਟੀ ਐਸੋਸੀਏਸ਼ਨ ਵੱਲੋਂ ਬੁੱਲੇਪੁਰ ਸਕੂਲ ਨੂੰ ਪ੍ਰਤੀਯੋਗਿਤਾ ਦੀਆਂ ਕਿਤਾਬਾਂ ਭੇਟ
Publish Date: Mon, 06 Apr 2026 06:04 PM (IST)
Updated Date: Tue, 07 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਸਿੱਖਿਆ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਐਮੀਨੈਂਸ ਓਪਰਚਿਊਨਿਟੀ ਐਸੋਸੀਏਸ਼ਨ, ਨਵੀਂ ਦਿੱਲੀ ਵੱਲੋਂ ਮਾਰਚ ਸੈਸ਼ਨ ਦੌਰਾਨ ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗਿਤਾ ਦੀਆਂ ਪ੍ਰੀਖਿਆਵਾਂ ਲਈ ਲਾਭਕਾਰੀ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਉਪਰਾਲੇ ਦਾ ਮੁੱਖ ਉਦੇਸ਼ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੇ ਸਰਕਾਰੀ ਨੌਕਰੀਆਂ ਵੱਲ ਪ੍ਰੇਰਿਤ ਕਰਨਾ ਹੈ।
ਸਕੂਲ ’ਚ ਆਯੋਜਿਤ ਇੱਕ ਸਾਧਾਰਨ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਐਸੋਸੀਏਸ਼ਨ ਦੇ ਪ੍ਰੋਗਰਾਮ ਹੈੱਡ ਪ੍ਰਤਿਭਾ ਸਿੰਘ, ਪ੍ਰੋਗਰਾਮ ਐਡਵਾਇਜਰ ਕੁਸ਼ ਠਾਕੁਰ ਤੇ ਕੋਆਰਡੀਨੇਟਰ ਨਿਸ਼ਾ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਸੌਂਪੀਆਂ। ਇਨ੍ਹਾਂ ਕਿਤਾਬਾਂ ਵਿੱਚ ਆਮ ਗਿਆਨ, ਗਣਿਤ, ਤਰਕ ਸ਼ਕਤੀ ਅਤੇ ਸਾਇੰਸ ਵਿਸ਼ਿਆਂ ਦੀ ਤਿਆਰੀ ਲਈ ਖਾਸ ਸਮੱਗਰੀ ਸ਼ਾਮਲ ਹੈ, ਜੋ ਕਿ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੇ ਨਾਲ-ਨਾਲ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।
ਸਕੂਲ ਦੇ ਮੁਖੀ ਰਾਜ ਕੁਮਾਰ ਨੇ ਇਸ ਉਪਰਾਲੇ ਲਈ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਪਿੰਡ ਦੇ ਵਿਦਿਆਰਥੀਆਂ ਵਿੱਚ ਨਵੀਂ ਉਮੀਦ ਜਾਗਦੀ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਸਰੋਤਾਂ ਦੀ ਘਾਟ ਕਾਰਨ ਪਿੰਡਾਂ ਦੇ ਬੱਚੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪੂਰੀ ਤਿਆਰੀ ਨਹੀਂ ਕਰ ਸਕਦੇ, ਪਰ ਇਸ ਤਰ੍ਹਾਂ ਦੀ ਸਹਾਇਤਾ ਨਾਲ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੋਰ ਅੱਗੇ ਵਧ ਸਕਦੇ ਹਨ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਪੱਸ਼ਟ ਉਦੇਸ਼ਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਅਤੇ ਸਹੀ ਦਿਸ਼ਾ ’ਚ ਯਤਨ ਕਰਨਾ ਬਹੁਤ ਜ਼ਰੂਰੀ ਹੈ।
ਵਿਦਿਆਰਥੀਆਂ ਨੇ ਇਸ ਉਪਰਾਲੇ ਲਈ ਖੁਸ਼ੀ ਅਤੇ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਿਤਾਬਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ। ਸਮਾਰੋਹ ਦੇ ਅੰਤ ਵਿੱਚ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ।ਇਹ ਉਪਰਾਲਾ ਨਾ ਸਿਰਫ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ’ਚ ਸਹਾਇਕ ਹੈ, ਸਗੋਂ ਸਮਾਜਿਕ ਜ਼ਿੰਮੇਵਾਰੀ ਦਾ ਵੀ ਇੱਕ ਸ਼ਾਨਦਾਰ ਉਦਾਹਰਨ ਹੈ, ਜੋ ਹੋਰ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੇ ਯਤਨ ਕਰਨ ਲਈ ਪ੍ਰੇਰਿਤ ਕਰਦਾ ਹੈ।