ਕੇਬਲ ਪਾਉਣ ਦੌਰਾਨ ਟੁੱਟੀ ਪਾਣੀ ਦੀ ਲਾਈਨ ਕਾਰਨ ਧੱਸੀ ਐਲੀਵੇਟਡ ਸੜਕ
ਕੇਬਲ ਪਾਉਣ ਦੌਰਾਨ ਟੁੱਟੀ ਪਾਣੀ ਦੀ ਲਾਈਨ ਕਾਰਨ ਧੱਸੀ ਐਲੀਵੇਟਡ ਸੜਕ
Publish Date: Fri, 05 Jun 2026 08:48 PM (IST)
Updated Date: Sat, 06 Jun 2026 04:12 AM (IST)

ਭਾਰਤ ਨਗਰ ਚੌਂਕ ’ਚ ਪਿਆ ਗਹਿਰਾ ਟੋਇਆ, ਟਲਿਆ ਵੱਡਾ ਹਾਦਸਾ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ਦੇ ਭਾਰਤ ਨਗਰ ਚੌਕ ਨੇੜੇ ਵਿਖੇ ਸਥਿਤ ਲੱਕੀ ਢਾਬੇ ਦੇ ਨਜ਼ਦੀਕ ਐਲੀਵੇਟਡ ਸੜਕ ਧੱਸਣ ਕਾਰਨ ਅਚਾਨਕ ਇੱਕ ਡੂੰਘਾ ਟੋਇਆ ਪੈ ਗਿਆ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖਤਰਾ ਪੈਦਾ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਭਾਜਪਾ ਕੌਂਸਲਰ ਰੂਚੀ ਵਿਸ਼ਾਲ ਗੁਲਾਟੀ ਤੁਰੰਤ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਤੁਰੰਤ ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਅਤੇ ਓਐਂਡਐੱਮ ਸੈੱਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਮੌਕੇ ਤੇ ਪਹੁੰਚੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਜਦੋਂ ਟੋਏ ਵਾਲੀ ਥਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੇਬਲ ਵਿਛਾਉਣ ਲਈ ਕੀਤੀ ਗਈ ਡਰਿੰਲਗ ਦੌਰਾਨ ਪਾਣੀ ਦੀ 8 ਇੰਚ ਮੁੱਖ ਸਪਲਾਈ ਲਾਈਨ ਨੂੰ ਨੁਕਸਾਨ ਪਹੁੰਚਿਆ ਸੀ। ਲਾਈਨ ਟੁੱਟਣ ਕਾਰਨ ਲਗਾਤਾਰ ਪਾਣੀ ਰਿਸਦਾ ਰਿਹਾ, ਜਿਸ ਨਾਲ ਸੜਕ ਦੇ ਹੇਠਾ ਦੀ ਮਿੱਟੀ ਖੁਰ ਗਈ ਅਤੇ ਆਖ਼ਰਕਾਰ ਸੜਕ ਦਾ ਵੱਡਾ ਹਿੱਸਾ ਧੱਸ ਗਿਆ। ਇਸ ਕਾਰਨ ਸੜਕ ਉੱਤੇ ਗਹਿਰਾ ਟੋਇਆ ਬਣ ਗਿਆ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ। ਕੌਂਸਲਰ ਰੂਚੀ ਵਿਸ਼ਾਲ ਗੁਲਾਟੀ ਨੇ ਕਿਹਾ ਕਿ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਤੁਰੰਤ ਸੰਬੰਧਿਤ ਵਿਭਾਗਾਂ ਨੂੰ ਸੂਚਿਤ ਕੀਤਾ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਨੁਕਸਾਨ ਨਾ ਪਹੁੰਚੇ। ਇਸ ਸਬੰਧੀ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਵਿਭਾਗ ਨੂੰ ਸੜਕ ਧੱਸਣ ਦੀ ਜਾਣਕਾਰੀ ਮਿਲੀ, ਤੁਰੰਤ ਟੀਮਾਂ ਨੂੰ ਮੌਕੇ ਤੇ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਪਾਣੀ ਦੀ 8 ਇੰਚ ਲਾਈਨ ਟੁੱਟੀ ਹੋਈ ਸੀ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਨਿਗਮ ਦੀਆਂ ਟੀਮਾਂ ਨੇ ਤੁਰੰਤ ਮੁਰੰਮਤ ਕਾਰਜ ਸ਼ੁਰੂ ਕਰਦੇ ਹੋਏ ਟੁੱਟੀ ਲਾਈਨ ਨੂੰ ਠੀਕ ਕੀਤਾ ਅਤੇ ਬਾਅਦ ਵਿੱਚ ਸੜਕ ਵਿੱਚ ਪਏ ਟੋਏ ਨੂੰ ਵੀ ਭਰ ਦਿੱਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਐਲੀਵੇਟਡ ਰੋਡ ਨਾਲ ਸਬੰਧਤ ਕੰਮਾਂ ਦੀ ਦੇਖ-ਰੇਖ ਅਤੇ ਨਿਰਮਾਣ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਕਰਵਾਇਆ ਜਾਂਦਾ ਹੈ। ਇਸ ਲਈ ਜਿਸ ਕੰਪਨੀ ਦੀ ਲਾਪਰਵਾਹੀ ਕਾਰਨ ਪਾਣੀ ਦੀ ਲਾਈਨ ਅਤੇ ਸੜਕ ਨੂੰ ਨੁਕਸਾਨ ਪਹੁੰਚਿਆ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਐਨਐਚਏਆਈ ਵੱਲੋਂ ਹੀ ਕੀਤੀ ਜਾਵੇਗੀ। ਸਥਾਨਕ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਵਿਕਾਸ ਕਾਰਜਾਂ ਦੌਰਾਨ ਹੋਣ ਵਾਲੀਆਂ ਅਜਿਹੀਆਂ ਲਾਪ੍ਰਵਾਹੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜ਼ਿੰਮੇਵਾਰ ਏਜੰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਨਗਰ ਨਿਗਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਨਾਲ ਹਾਲਾਂਕਿ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ, ਪਰ ਇਸ ਘਟਨਾ ਨੇ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।