ਰਮਜਾਨ ਮਹੀਨੇ ’ਚ ਨਾ ਲਾਏ ਜਾਣ ਬਿਜਲੀ ਕੱਟ : ਸ਼ਾਹੀ ਇਮਾਮ
ਰਮਜਾਨ ਦੇ ਮਹੀਨੇ 'ਚ ਨਾ ਲਾਏ ਜਾਣ ਬਿਜਲੀ ਦੇ ਕੱਟ -ਸ਼ਾਹੀ ਇਮਾਮ
Publish Date: Tue, 10 Feb 2026 07:36 PM (IST)
Updated Date: Wed, 11 Feb 2026 04:12 AM (IST)

-ਸ਼ਾਹੀ ਇਮਾਮ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਅਪੀਲ -ਜਾਮਾ ਮਸਜਿਦ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਰਮਜਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਤੇ ਮੁਸਲਮਾਨਾਂ ਵਿੱਚ ਭਾਰੀ ਉਤਸ਼ਾਹ ਹੈ। ਮੁਸਲਿਮ ਭਾਈਚਾਰੇ ਵੱਲੋਂ ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਕਿਉਂਕਿ ਰਮਜਾਨ ਦਾ ਮਹੀਨਾ ਮੁਸਲਮਾਨਾਂ ਲਈ ਬੜੀਆਂ ਰਹਿਮਤਾਂ ਤੇ ਬਰਕਤਾਂ ਵਾਲਾ ਹੁੰਦਾ ਹੈ। ਮੰਗਲਵਾਰ ਨੂੰ ਇਸ ਸੰਬੰਧ ਵਿੱਚ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਜਾਮਾ ਮਸਜਿਦ ਵੱਲੋਂ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਨੀਰੂ ਕਤਿਆਲ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਵਿੱਤਰ ਰਮਜਾਨ ਸ਼ਰੀਫ ਦੇ ਮੱਦੇਨਜ਼ਰ ਇੱਕ ਮਹੀਨੇ ਤੱਕ ਰੋਜ਼ਾਨਾ ਸਵੇਰੇ 4 ਵਜੇ ਤੋਂ ਹੀ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੇ ਲਈ ਨਗਰ ਨਿਗਮ ਦੇ ਅਧੀਨ ਆਉਂਦੇ ਸਾਰੇ ਟਿਊਬਵੈਲ ਚਲਾਏ ਜਾਣ ਤਾਂ ਜੋ ਸਵੇਰੇ ਰੋਜ਼ਾ ਰੱਖਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਉਪਰੰਤ ਨਿਗਮ ਕਮਿਸ਼ਨਰ ਨੇ ਮੁਹੰਮਦ ਮੁਸਤਕੀਮ ਨੂੰ ਯਕੀਨ ਦਿਲਾਇਆ ਕਿ ਇਸ ਸੰਬੰਧੀ ਟਿਊਵਬੈਨ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਸਮੇਂ ਸਿਰ ਪਾਣੀ ਦੀ ਸਪਲਾਈ ਉਪਲਬਧ ਕਰਵਾਉਣ ਤਾਂ ਜੋ ਰੋਜਾ ਰੱਖਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸੇ ਸਬੰਧ ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਦੇ ਰਾਹੀਂ ਅਪੀਲ ਕੀਤੀ ਹੈ ਕਿ ਪਵਿੱਤਰ ਰਮਜਾਨ ਦੇ ਮਹੀਨੇ ਚ ਪੰਜਾਬ ਭਰ ਚ ਸਵੇਰੇ ਸਰਗੀ ਦੇ ਸਮੇਂ ਅਤੇ ਸ਼ਾਮ ਨੂੰ ਅਫ਼ਤਾਰੀ ਦੇ ਸਮੇਂ ਤੇ ਖਾਸ ਕਰ ਜੁੰਮੇ ਵਾਲੇ ਦਿਨ (ਸ਼ੁੱਕਰਵਾਰ) ਦੁਪਿਹਰ 12 ਤੋਂ 3 ਵਜੇ ਤਕ ਬਿਜਲੀ ਦੇ ਕੱਟ ਨਾ ਲਗਾਏ ਜਾਣ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸ ਸਬੰਧ ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਮੰਗ ਕੀਤੀ ਗਈ ਕਿ ਰਮਜਾਨ ਦੇ ਮੱਦੇਨਜ਼ਰ ਮਹਾਂਨਗਰ ਵਿੱਚ ਪੁਲਿਸ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਚੁਸਤ-ਦਰੁਸਤ ਬਣਾਇਆ ਜਾਵੇ ਅਤੇ ਪੀਸੀਆਰ ਦੀ ਗਸ਼ਤ ਵੀ ਮਸਜਿਦਾਂ ਦੇ ਨੇੜੇ ਵਧਾਈ ਜਾਵੇ ਤਾਂ ਜੋ ਸਵੇਰੇ 4 ਵਜੇ ਤੋਂ 6 ਵਜੇ ਤੱਕ ਮਸਜਿਦਾਂ ਨੂੰ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੇ ਪੁਲਿਸ ਕਮਿਸ਼ਨਰ ਸ਼੍ਰੀ ਸਵਪਨ ਸ਼ਰਮਾ ਵੱਲੋਂ ਮੁਹੰਮਦ ਮੁਸਤਕੀਮ ਨੂੰ ਭਰੋਸਾ ਦਿੱਤਾ ਗਿਆ ਕਿ ਰਮਜਾਨ ਉਲ ਮੁਬਾਰਕ ਦੇ ਮਹੀਨੇ ਚ ਕਿਸੇ ਵੀ ਰੋਜਦਾਰ ਨੂੰ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਵਲੋਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਲਿਖਤੀ ਤੌਰ ਤੇ ਸਾਰੇ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਏਗਾ।