ਜੀਈ ’ਤੇ ਲੱਗਿਆ ਲੱਖਾਂ ਰੁਪਏ ਦੀ ਗੜਬੜੀ ਦਾ ਦੋਸ਼
ਬਿਜਲੀ ਬੋਰਡ ਦੇ ਜੀਏ ਤੇ ਲੱਗਿਆ ਲੱਖਾਂ ਰੁਪਏ ਦੀ ਗੜਬੜੀ ਦਾ ਦੋਸ਼
Publish Date: Sat, 21 Mar 2026 08:01 PM (IST)
Updated Date: Sun, 22 Mar 2026 04:14 AM (IST)

ਖਾਤੇ ਦੀ ਜਾਣਕਾਰੀ ਨਾ ਦੇਣ ਕਾਰਨ ਫਸਿਆ ਅਧਿਕਾਰੀ, ਪੁਲਿਸ ਨੇ ਕੀਤੀ ਐੱਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬਿਜਲੀ ਬੋਰਡ ਦੇ ਇੱਕ ਜੂਨੀਅਰ ਇੰਜੀਨੀਅਰ (ਜੇਈ) ਵੱਲੋਂ ਲੱਖਾਂ ਰੁਪਏ ਦੀ ਗੜਬੜੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਵਿਭਾਗੀ ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਜੇਈ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਪਾਵਰਕਾਮ ਦੇ ਅਗਰ ਨਗਰ ਮੰਡਲ ਵਿੱਚ ਤੈਨਾਤ ਸਹਾਇਕ ਖਾਤਾ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਆਰਐੱਸ ਨਗਰ ਦਾ ਰਹਿਣ ਵਾਲੇ ਬਿੱਕਰ ਸਿੰਘ ਵੱਲੋਂ ਖਾਤਿਆਂ ਵਿੱਚ ਸਾਲ 2023 ਤੋਂ ਸਾਲ 2024 ਦੌਰਾਨ ਕਰੀਬ 12 ਲੱਖ 25 ਹਜ਼ਾਰ 669 ਦੀ ਰਕਮ ਦਾ ਕੋਈ ਹਿਸਾਬ ਨਹੀਂ ਦੇ ਰਿਹਾ ਸੀ। ਸ਼ਿਕਾਇਤ ਕਰਤਾ ਅਨੁਸਾਰ ਕਈ ਵਾਰ ਲਿਖਿਤ ਪੱਤਰਾਂ ਅਤੇ ਮੌਖਿਕ ਤੌਰ ਤੇ ਖਾਤੇ ਪੇਸ਼ ਕਰਨ ਲਈ ਆਖਿਆ ਗਿਆ ਪਰ ਹਰ ਵਾਰ ਜੇਈ ਨੇ ਟਾਲ-ਮਟੋਲ ਕਰ ਦਿੱਤੀ। ਕਈ ਵਾਰ ਕਹਿਣ ਦੇ ਬਾਵਜੂਦ ਉਸ ਨੇ ਰਿਕਾਰਡ ਪੇਸ਼ ਨਹੀਂ ਕੀਤਾ। ਮਾਮਲਾ ਸ਼ੱਕੀ ਜਾਪਣ ਤੇ ਵਿਭਾਗ ਨੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 316 (5) ਦੇ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਦੀ ਤਫਤੀਸ਼ ਲਗਾਤਾਰ ਜਾਰੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਲਦ ਹੀ ਹੋਰ ਵੀ ਖੁਲਾਸੇ ਹੋ ਸਕਦੇ ਹਨ। ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਬਿਜਲੀ ਬੋਰਡ ਦੇ ਅੰਦਰਲੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੁੰਦੇ ਹਨ, ਕਿਉਂਕਿ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਸ ਤਰ੍ਹਾਂ ਦੀ ਗੜਬੜੀ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸੱਚਾਈ ਤੋਂ ਪਰਦਾ ਚੁੱਕਿਆ ਜਾਵੇਗਾ। ਫਿਲਹਾਲ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।