ਸ਼ੋਅਰੂਮ ਦਾ ਮੁਲਾਜ਼ਮ ਕਰਦਾ ਰਿਹਾ ਮਾਲਕ ਨਾਲ ਅਮਾਨਤ ’ਚ ਖਿਆਨਤ
ਇਲੈਕਟਰਿਕ ਸ਼ੋਅਰੂਮ ਦਾ ਮੁਲਾਜ਼ਮ ਮਾਲਕ ਨਾਲ ਕਰਦਾ ਰਿਹਾ ਅਮਾਨਤ ਵਿੱਚ ਖਿਆਨਤ
Publish Date: Thu, 05 Mar 2026 07:49 PM (IST)
Updated Date: Fri, 06 Mar 2026 04:12 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਚੌੜਾ ਬਾਜ਼ਾਰ ਬਿਜਲੀ ਮਾਰਕੀਟ ਵਿੱਚ ਬਿਜਲੀ ਦੇ ਸਮਾਨ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਹੀ ਸ਼ੋਅਰੂਮ ਮਾਲਿਕ ਨਾਲ ਅਮਾਨਤ ਵਿੱਚ ਖਿਆਨਤ ਕਰਦਾ ਰਿਹਾ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਕੁਤਵਾਲੀ ਪੁਲਿਸ ਨੇ ਸ਼ੋਅਰੂਮ ਦੇ ਮਾਲਕ ਮਾਡਲ ਟਾਊਨ ਵਾਸੀ ਰਾਜਕੁਮਾਰ ਦੇ ਬਿਆਨ ਉੱਪਰ ਸਲੇਮ ਟਾਬਰੀ ਪੀਰੂ ਬੰਦਾ ਮੁਹੱਲਾ ਵਾਸੀ ਕ੍ਰਿਸ਼ਨ ਕੁਮਾਰ ਖਿਲਾਫ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਜ ਕੁਮਾਰ ਮੁਤਾਬਕ ਉਹ ਸਥਾਨਕ ਚੌੜਾ ਬਾਜ਼ਾਰ ਬਿਜਲੀ ਮਾਰਕੀਟ ’ਚ ਦੀਪਕ ਇਲੈਕਟਰਿਕ ਨਾਮ ਤਹਿਤ ਦੁਕਾਨ ਚਲਾਉਂਦਾ ਹੈ ਜਿੱਥੇ ਉਸ ਕੋਲ ਕਰੀਬ ਦੋ ਸਾਲ ਤੋਂ ਮੂਲ ਰੂਪ ’ਚ ਪਟਨਾ ਬਿਹਾਰ ਦਾ ਵਾਸੀ ਕ੍ਰਿਸ਼ਨ ਕੁਮਾਰ ਨੌਕਰੀ ਕਰ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਆਪਣੇ ਸਾਮਾਨ ਦੇ ਸਟਾਕ ’ਚ ਕਾਫੀ ਸਾਮਾਨ ਘਟਣ ਦਾ ਸ਼ੱਕ ਹੋਣ ਲੱਗਾ ਤਾਂ ਉਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਕੈਮਰਿਆਂ ਦੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਮੁਲਜ਼ਮ ਕ੍ਰਿਸ਼ਨ ਕੁਮਾਰ ਸਵੇਰੇ ਦੁਕਾਨ ਤਾਂ ਸਮੇਂ ਸਿਰ ਖੋਲ੍ਹ ਲੈਂਦਾ ਸੀ ਪਰ ਦੁਕਾਨ ਖੋਲ੍ਹਣ ਤੋਂ ਬਾਅਦ ਕਾਫੀ ਸਮਾਂ ਕੈਮਰੇ ਚਾਲੂ ਨਹੀਂ ਕਰਦਾ ਸੀ। ਇਸ ਵਜ੍ਹਾ ਨਾਲ ਸ਼ੱਕ ਦੇ ਚੱਲਦੇ ਉਸ ਨੇ ਦੁਕਾਨ ਅੰਦਰ ਪਿਆ ਸਾਰਾ ਸਟਾਕ ਚੈੱਕ ਕੀਤਾ ਤਾਂ ਤਾਰਾਂ ਦੇ ਕਰੀਬ 10 ਰੋਲ ਘੱਟ ਪਾਏ ਗਏ। ਜਦੋਂ ਉਸ ਨੇ ਕ੍ਰਿਸ਼ਨ ਨੂੰ ਇਸ ਸਾਮਾਨ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕ੍ਰਿਸ਼ਨ ਕੁਮਾਰ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਕੰਮ ’ਤੇ ਆਉਣਾ ਬੰਦ ਕਰ ਦਿੱਤਾ। ਉਨ੍ਹਾਂ ਪੁਲਿਸ ਕੋਲ ਦਾਅਵਾ ਕੀਤਾ ਕਿ ਕ੍ਰਿਸ਼ਨ ਕੁਮਾਰ ਲੰਬੇ ਸਮੇਂ ਤੋਂ ਉਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਸਾਮਾਨ ਚੋਰੀ ਕਰ ਕੇ ਬਾਹਰ ਵੇਚਦਾ ਰਿਹਾ ਹੈ, ਜਿਸ ਕਾਰਨ ਉਸ ਨੂੰ ਕਾਫੀ ਵਿੱਤੀ ਨੁਕਸਾਨ ਝੱਲਣਾ ਪਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਮੁਤਾਬਕ ਤੇ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। --