ਪਤਨੀ ਤੇ ਜਵਾਈ ਨੂੰ ਮਿਲਣ ਜਾ ਰਹੇ ਸਕੂਟਰ ਸਵਾਰ ਬਜ਼ੁਰਗ ਦੀ ਮੌਤ
ਪਤਨੀ ਤੇ ਜਵਾਈ ਨੂੰ ਮਿਲਣ ਜਾ ਰਹੇ ਸਕੂਟਰ ਸਵਾਰ ਬਜ਼ੁਰਗ ਦੀ ਮੌਤ
Publish Date: Mon, 02 Feb 2026 07:17 PM (IST)
Updated Date: Mon, 02 Feb 2026 07:19 PM (IST)

-ਮੌਕੇ ਤੋਂ ਟਰੱਕ ਬਰਾਮਦ, ਚਾਲਕ ਨੂੰ ਕੀਤਾ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਾਹਨੇਵਾਲ ਪੁੱਲ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਜ਼ੁਰਗ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਪਤਨੀ ਤੇ ਜਵਾਈ ਨੂੰ ਮਿਲਣ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਹੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਟਰੱਕ ਬਰਾਮਦ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਭਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਸਾਹਣੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪਿੰਡ ਮੇਹਲੋਂ ਦੇ ਵਾਸੀ ਖੇਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਸੱਸ ਸ਼ਿੰਦਰ ਕੌਰ ਨਾਲ ਘਰ ਵਿੱਚ ਸਵਾਰ ਹੋ ਕੇ ਆਪਣੇ ਸਹੁਰੇ ਨੂੰ ਮਿਲਣ ਲਈ ਸਾਹਨੇਵਾਲ ਆਇਆ ਸੀ। ਦੋਵੇਂ ਸਾਹਨੇਵਾਲ ਚੌਂਕ ਵਿੱਚ ਕਾਰ ਵਿੱਚ ਬੈਠੇ ਹੋਏ ਸਨ। ਇਸੇ ਦੌਰਾਨ ਭਿੰਦਰ ਸਿੰਘ ਆਪਣੇ ਸਕੂਟਰ ਤੇ ਸਵਾਰ ਹੋ ਕੇ ਉਹਨਾਂ ਨੂੰ ਮਿਲਣ ਲਈ ਆਇਆ। ਭਿੰਦਰ ਸਿੰਘ ਜਿਵੇਂ ਹੀ ਕੁਹਾੜਾ ਸਾਈਡ ਤੋਂ ਰੇਲਵੇ ਪੁੱਲ ਚੜਨ ਲੱਗਾ, ਤਾਂ ਇੱਕ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੇ ਦੌਰਾਨ ਭਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪਿੰਡ ਲੰਡਾ ਦੋਰਾਹਾ ਦੇ ਵਾਸੀ ਟਰੱਕ ਚਾਲਕ ਜਸਬੀਰ ਸਿੰਘ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।