ਟਿੱਪਰ ਦੀ ਲਪੇਟ ’ਚ ਆਏ ਬਜ਼ੁਰਗ ਦੀ ਮੌਤ
ਟਿੱਪਰ ਦੀ ਲਪੇਟ ਵਿੱਚ ਆਏ ਬਜ਼ੁਰਗ ਦੀ ਮੌਤ
Publish Date: Tue, 13 Jan 2026 07:55 PM (IST)
Updated Date: Wed, 14 Jan 2026 04:13 AM (IST)

ਟੀ ਸਟਾਲ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਟੀ ਸਟਾਲ ਚਲਾਉਣ ਵਾਲੇ ਬਜ਼ੁਰਗ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸਵੇਰ ਸਮੇਂ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਜ਼ੁਰਗ ਕੰਮ ਕਰਨ ਲਈ ਆਪਣੇ ਟੀ ਸਟਾਲ ’ਤੇ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਬਾਬਾ ਨਾਮਦੇਵ ਕਾਲੋਨੀ ਟਿੱਬਾ ਰੋਡ ਦੇ ਰਹਿਣ ਵਾਲੇ ਹਰਜੀਤ ਸਿੰਘ (70) ਵਜੋਂ ਹੋਈ ਹੈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਇਸ ਮਾਮਲੇ ’ਚ ਹਰਜੀਤ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਟਿੱਪਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਜੀਤ ਸਿੰਘ ਬੀਤੇ ਦਿਨ ਹਰ ਰੋਜ਼ ਵਾਂਗ ਕੰਮ ਕਰਨ ਲਈ ਆਪਣੀ ਦੁਕਾਨ ’ਤੇ ਜਾ ਰਹੇ ਸਨ। ਬਜ਼ੁਰਗ ਹਰਜੀਤ ਸਿੰਘ ਜਿਵੇਂ ਹੀ ਤਾਜਪੁਰ ਚੌਂਕ ਲਾਗੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਪੂਰਾ ਪਰਿਵਾਰ ਇਸ ਭਿਆਨਕ ਹਾਦਸੇ ਤੋਂ ਬਿਲਕੁਲ ਬੇਖਬਰ ਸੀ। ਦੇਰ ਰਾਤ ਤੱਕ ਵੀ ਜਦ ਹਰਜੀਤ ਸਿੰਘ ਘਰ ਨਾ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ। ਇਸੇ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਹਰਜੀਤ ਸਿੰਘ ਦੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਇਸ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਨੇ ਹਰਜੀਤ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਟਿੱਪਰ ਚਾਲਕ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।