ਲਾਠੀਚਾਰਜ ਕਰਨ ਵਾਲੇ ਡੀਐੱਸਪੀ ਦਾ ਪੁਤਲਾ ਫੂਕਿਆ
ਜਗਰਾਓਂ ਵਿਖੇ ਲਾਠੀਚਾਰਜ ਕਰਨ ਵਾਲੇ ਡੀਐੱਸਪੀ ਦਾ ਪੁਤਲਾ ਫੂਕਿਆ
Publish Date: Mon, 08 Jun 2026 07:25 PM (IST)
Updated Date: Tue, 09 Jun 2026 04:09 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਐਡਹਾਕ ਕਮੇਟੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਪਟਿਆਲਾ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਾਮਿਆਂ ’ਤੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਦਾ ਪੁਤਲਾ ਫੂਕਿਆ। ਡੀਐੱਸਪੀ ਸਮੇਤ ਲਾਠੀਚਾਰਜ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਨੂੰ ਜ਼ਾਲਮ ਸਰਕਾਰ ਕਰਾਰ ਦਿੱਤਾ। ਸੋਮਵਾਰ ਨੂੰ ਰੋਸ ਪ੍ਰਦਰਸ਼ਨ ’ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹਰ ਵਰਗ ਦੀਆਂ ਜਾਇਜ਼ ਮੰਗਾਂ ਤੋਂ ਪਾਸਾ ਵੱਟ ਕੇ ਜ਼ੁਲਮ, ਜ਼ਬਰ ਨਾਲ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ। ਪਟਿਆਲਾ ਵਿਚ ਆਪਣੇ ਚਹੇਤੇ ਪੁਲਿਸ ਅਫਸਰਾਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ’ਤੇ ਅੰਨਾ ਤਸੱਦਦ ਇਸ ਦਾ ਸਬੂਤ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ’ਤੇ ਝਾਤ ਮਾਰੇ, ਜ਼ੁਲਮ, ਜਬਰ ਨਾਲ ਕਦੇ ਸੰਘਰਸ਼ ਦੱਬਦੇ ਨਹੀਂ, ਬਲਕਿ ਸੰਘਰਸ਼ ਹੋਰ ਤਿੱਖਾ ਅਤੇ ਤੇਜ਼ ਹੁੰਦਾ ਹੈ। ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਅਪਰੈਂਟਿਸ ਸਾਥੀਆਂ ਉੱਤੇ ਲਾਠੀਚਾਰਜ ਕਰਨਾ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਘਾਣ ਹੈ। ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਤਾਕਤ ਦੀ ਵਰਤੋਂ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਉੱਤੇ ਲਾਠੀਆਂ ਵਰ੍ਹਾਉਣਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਜੋਨ ਪ੍ਰਧਾਨ ਚਰਨਜੀਤ ਸਿੰਘ ਸੋਹਲ ਤੇ ਗੁਰਵਿੰਦਰ ਸਿੰਘ ਤੱਤਲਾ ਨੇ ਪੀਐੱਸਪੀਸੀਐੱਲ ਦੇ ਸੀਐਮਡੀ ਅਤੇ ਬੋਰਡ ਆਫ ਡਾਇਰੈਕਟਰਜ਼ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਅਪਰੈਂਟਿਸ ਸਾਥੀਆਂ ਨਾਲ ਹੋਏ ਧੱਕੇਸ਼ਾਹੀ ਭਰੇ ਵਤੀਰੇ ਦਾ ਨੋਟਿਸ ਨਾ ਲਿਆ ਗਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਗਿਆ ਤਾਂ ਮੁਲਾਜ਼ਮ ਵਰਗ ਅਤੇ ਅਪਰੈਂਟਿਸ ਸਾਥੀ ਮਿਲ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਪਾਵਰਕਾਮ ਪੈਨਸ਼ਨ ਐਸੋਸੀਏਸ਼ਨ ਏਟਕ ਦੇ ਜੁਗਿੰਦਰ ਕਮਾਰ ਤੇ ਅਸੋਕ ਕੁਮਾਰ ਬੁਲਾਰਿਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜ਼ਖ਼ਮੀ ਸਾਥੀਆਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਅਪਰੈਂਟਿਸ ਸਾਥੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਇਸ ਮੌਕੇ ਜਗਤਾਰ ਸਿੰਘ ਨਿਰਮਲ ਸਿਘ ਮੇਹਰ ਸਿੰਘ ਤੇ ਏਟਕ ਆਗੂ ਹਰਵਿੰਦਰ ਸਿੰਘ ਲਵਲੀ, ਸੁਖਦੇਵ ਗਰਗ, ਚੈਂਚਲ ਸਿੰਘ, ਸਤਪਾਲ ਸਿੰਘ, ਸੁਖਰਾਜ, ਕੁਲਜਿੰਦਰ ਸਿੰਘ, ਬੇਅੰਤ ਸਿਘ, ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।