ਰੈਲੀ ਦੌਰਾਨ ਪੰਜਾਬ ਭਰ ’ਚ ਸੰਘਰਸ਼ ਵਿੱਢਣ ਐਲਾਨ
ਰੈਲੀ ਦੌਰਾਨ ਪੰਜਾਬ ਭਰ ਵਿੱਚ ਸੰਘਰਸ਼ ਵਿੱਢਣ ਐਲਾਨ
Publish Date: Tue, 24 Mar 2026 07:06 PM (IST)
Updated Date: Wed, 25 Mar 2026 04:08 AM (IST)

ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ, ਲੁਧਿਆਣਾ ਮਜ਼ਦੂਰਾਂ ਵੱਲੋਂ ਲੁਧਿਆਣਾ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਕਿਰਤ ਵਿਭਾਗ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਰੋਸ ਰੈਲੀ ਦੇ ਪ੍ਰਧਾਨਗੀ ਮੰਡਲ ਵਿੱਚ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸ਼ਿੰਦਰ ਸਿੰਘ ਜਵੱਦੀ , ਪ੍ਕਾਸ਼ ਸਿੰਘ ਹਿੱਸੋਵਾਲ ਅਤੇ ਚਰਨਜੀਤ ਸਿੰਘ ਹਿਮਾਂਯੂੰਪੁਰਾ ਸ਼ਾਮਲ ਹੋਏ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਜੋਧਾਂ ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਵੱਖ ਵੱਖ ਸਰਕਾਰਾਂ ਵੱਲੋਂ 2012 ਤੋਂ ਬਾਅਦ ਘੱਟੋ ਘੱਟ ਉਜਰਤ ਵਿੱਚ ਕੋਈ ਸੁਧਾਈ ਨਹੀਂ ਕੀਤੀ ਗਈ ਜੋ ਹਰ 5 ਸਾਲ ਬਾਅਦ ਕੀਤੀ ਜਾਣੀ ਬਣਦੀ ਹੈ। ਇੱਕ ਮਾਰਚ ਤੋਂ ਆਉਣ ਵਾਲੀ ਉਜਰਤਾਂ ਵੀ ਜਾਰੀ ਨਹੀਂ ਕੀਤੀਆਂ ਗਈਆਂ, ਉਹਨਾਂ ਅੱਗੇ ਕਿਹਾ ਕਿ 4 ਕਿਰਤ ਕੋਡ ਮਜ਼ਦੂਰਾਂ ਲਈ ਬਹੁਤ ਘਾਤਕ ਹਨ ਇਨ੍ਹਾਂ ਦੇ ਲਾਗੂ ਹੋਣ ਨਾਲ 8 ਘੰਟੇ ਕੰਮ ਕਰਨ ਦੀ ਦਿਹਾੜੀ 12 ਘੰਟੇ ’ਚ ਤਬਦੀਲ ਹੋ ਜਾਵੇਗੀ ਅਤੇ ਮਜ਼ਦੂਰਾਂ ਦੀ ਨੌਕਰੀ ਦੀ ਸਹੂਲੀਅਤ ਸੁਰੱਖਿਆ ਵੀ ਖ਼ਤਰੇ ਵਿੱਚੋਂ ਪੈ ਜਾਵੇਗੀ। ਉਨ੍ਹਾਂ ਮੋਦੀ ਸਰਕਾਰ ਵੱਲੋਂ ਸਾਮਰਾਜੀ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਜੰਗ ਵਿਰੁੱਧ ਇਕ ਵੀ ਸ਼ਬਦ ਨਾ ਬੋਲਣ ਲਈ ਇਹਨਾਂ ਕਾਰਪੋਰੇਟਰਾਂ ਅਤੇ ਸਾਮਰਾਜੀਆਂ ਪ੍ਰਤੀ ਹੇਜ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ, ਡੀਜ਼ਲ, ਪੈਟਰੋਲ, ਗੈਸ ਦੀ ਦਿੱਕਤ ਕਾਰਨ ਮਹਿੰਗਾਈ ਵਧ ਰਹੀ ਹੈ ਅਤੇ ਮਾਫੀਆ ਵੱਲੋਂ ਕੋਇਲਾ ਦੀ ਬਨਾਉਟੀ ਕਿੱਲਤ ਪੈਦਾ ਕਰਕੇ ਭੱਠਾ ਸਨਅਤ ਬਰਬਾਦੀ ਦੇ ਕੰਢੇ ਲਿਆ ਖੜੀ ਕੀਤੀ ਹੈ ।ਉਨ੍ਹਾਂ ਸੂਬਾ ਸਰਕਾਰ ਵੱਲੋਂ ਜਨਤਕ ਅਦਾਰਿਆਂ ਦਾ ਨਿੱਜੀਕਰਨ , ਬਿਜਲੀ ਬਿੱਲ 2025 ਬੀਜ ਬਿੱਲ 2025 ਅਤੇ ਅਮਰੀਕਾ ਸਾਮਰਾਜ ਨਾਲ ਜੁੜੇ ਸਮਝੌਤਿਆਂ ਨੂੰ ਲੋਕ ਵਿਰੋਧੀ ਬਣਨ ਦਾ ਕਾਰਨ ਦੱਸਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਿੰਦਰ ਸਿੰਘ ਜੱਵਦੀ, ਪ੍ਕਾਸ਼ ਹਿੱਸੋਵਾਲ, ਰਣਜੀਤ ਸਿੰਘ ਸਾਇਆ ਅਤੇ ਚਰਨਜੀਤ ਹਿਮਾਂਯੂੰਪੁਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਪਰੋਕਤ ਮਸਲਿਆਂ ਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਭੱਠਾ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਅਤੇ ਮੋਦੀ ਸਰਕਾਰ ਵਲੋਂ ਮਜ਼ਦੂਰਾਂ ਕਿਸਾਨਾਂ ਦੇ ਵਿਰੁੱਧ ਗ਼ਲਤ ਨੀਤੀਆਂ ਦੀਆਂ ਦੇ ਖਿਲਾਫ ਮਜ਼ਦੂਰਾਂ ਵੱਲੋਂ 30 ਮਾਰਚ ਨੂੰ ਲੁਧਿਆਣਾ ਸਥਿਤ ਦਾਣਾ ਮੰਡੀ ਗਿੱਲ ਰੋਡ ਵਿਖੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਅਮਰੀਕਾ ਸਾਮਰਾਜ ਅਤੇ ਇਜ਼ਰਾਈਲ ਵੱਲੋਂ ਈਰਾਨ ਖਿਲਾਫ ਛੇੜੀ ਗਈ ਜੰਗ ਭਾਰਤ ਸਰਕਾਰ ਨਿਖੇਧੀ ਕਰੇ ਅਤੇ ਜੰਗ-ਬੰਦੀ ਲਈ ਅਮਰੀਕਾ ਅਤੇ ਇਜ਼ਰਾਈਲ ‘ਤੇ ਦਬਾਅ ਬਣਾਵੇ। ਇਸ ਮੌਕੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪ੍ਰਮਿੰਦਰ ਕੁਮਾਰ ਅਲੀਪੁਰ, ਸਵਰਨ ਸਿੰਘ, ਮਿੰਟੂ ਕੁਮਾਰ, ਸਤਨਾਮ ਰਾਏਕੋਟ, ਅਤੇ ਅਮਰਜੀਤ ਸਿੰਘ ਹਿਮਾਂਯੂੰਪੁਰਾ, ਨਿਰਮਲ ਸਿੰਘ ਨਿੰਮਾ ਡੱਲਾ, ਗੁਲਜ਼ਾਰ ਸਿੰਘ ਜਰਖੜ ਅਤੇ ਕਰਤਾਰ ਸਿੰਘ ਭੰਮੀਪੁਰਾ ਨੇ ਵੀ ਸੰਬੋਧਨ ਕੀਤਾ।