ਵਿਸਾਖੀ ਮੌਕੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ : ਹੌਬੀ
ਵਿਸਾਖੀ ਦਿਹਾੜੇ ਮੌਕੇ ਨਸ਼ਾ ਮੁਕਤ ਪੰਜਾਬ ਮੁਹਿਮ ਦੀ ਕੀਤੀ ਜਾਵੇਗੀ ਸ਼ੁਰੂਆਤ -ਹੌਬੀ
Publish Date: Tue, 24 Mar 2026 07:48 PM (IST)
Updated Date: Wed, 25 Mar 2026 04:10 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਟੂਡੈਂਟਸ ਡੈਮੋਕ੍ਰੇਟਿਕ ਫੈੱਡਰੇਸ਼ਨ ਐੱਸਡੀਐਫ ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਵੱਲੋਂ ਜਥੇਬੰਦੀ ਦੇ ਕੁਝ ਸੀਨੀਅਰ ਮੈਂਬਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ’ਚ ਸੂਬਾ ਪੰਜਾਬ ਅੰਦਰ ਆਏ ਦਿਨ ਵਿਦਿਆਰਥੀ ਵਰਗ ਤੇ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਘਟਾਉਣ ਅਤੇ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਜਾਗਰੂਕਤਾ ਲਿਆਉਣ ਲਈ ਜਥੇਬੰਦੀ ਦੀ ਟੀਮ ਵੱਲੋਂ ਵਿਸਾਖੀ ਵਾਲੇ ਦਿਹਾੜੇ ਮੌਕੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ’ਚ ਜਥੇਬੰਦੀ ਦੀ ਟੀਮ ਦੇ ਕੁਝ ਮੈਂਬਰ ਸਾਹਿਬਾਨ ਵੱਲੋਂ ਇੱਕ ਕਮੇਟੀ ਬਣਾ ਕੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨਸ਼ਿਆਂ ਦੇ ਜ਼ਿੰਦਗੀ ’ਚ ਭੈੜੇ ਨਤੀਜੇ ਤੇ ਨਸ਼ਿਆਂ ਨੂੰ ਛੱਡਣ ਦੇ ਲਾਭ ਸਬੰਧੀ ਸੈਮੀਨਾਰ ਤੇ ਜਾਗਰੂਕਤਾ ਕੈਂਪ ਲਾਉਣ ਦੇ ਨਾਲ ਨਾਲ ਲਿਟਰੇਚਰ ਵੰਡਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਦੇ ਨਾਲ ਵਿਦਿਆਰਥੀ ਵਰਗ ਦੀ ਮਦਦ ਲੈ ਕੇ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਅਤੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀ ਵਰਗ ਦੀ ਜ਼ਿੰਦਗੀ ’ਚੋਂ ਨਸ਼ਿਆਂ ਦੇ ਭੈੜੇ ਰੁਝਾਨ ਨੂੰ ਬਾਹਰ ਕੱਢਣ ਲਈ ਇੱਕ ਵਿਸ਼ੇਸ਼ ਦਸਤਖਤ ਮੁਹਿੰਮ ਵੀ ਚਲਾਈ ਜਾਵੇਗੀ, ਜਿਸ ’ਚ ਵਿਦਿਆਰਥੀ ਵਰਗ ਤੋਂ ਲੈ ਕੇ ਹਰ ਵਰਗ ਤੱਕ ਜੋ ਨਸ਼ਾ ਮੁਕਤ ਪੰਜਾਬ ਅਤੇ ਪੰਜਾਬ ਨੂੰ ਸੋਨੇ ਦੀ ਚਿੜੀ ਦੇਖਣਾ ਚਾਹੁੰਦਾ ਹੈ, ਉਸ ਵੱਲੋਂ ਇੱਕ ਸਾਂਝੇ ਪਲੇਟਫਾਰਮ ਉੱਪਰ ਦਸਤਖਤ ਕਰ ਕੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਵੱਲੋਂ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਹੌਬੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਇਸ ਮੁਹਿੰਮ ਨੂੰ ਸਮਰਥਨ ਤੇ ਹੁੰਗਾਰਾ ਦੇਣਗੇ ਉਨ੍ਹਾਂ ਨੂੰ ਜਥੇਬੰਦੀ ਵੱਲੋਂ ਮੈਂਬਰਸ਼ਿਪ ਦੇ ਕੇ ਐੱਸਡੀਐੱਫ ਮੈਂਬਰਸ਼ਿਪ 2026 ਦਾ ਵਿਸ਼ੇਸ਼ ਹਿੱਸਾ ਵੀ ਬਣਾਇਆ ਜਾਵੇਗਾ। ਇਹ ਮੌਕੇ ਜਥੇਬੰਦੀ ਦੇ ਆਗੂ ਅਤੇ ਮੈਂਬਰ ਵੀ ਮੌਜੂਦ ਸਨ।