ਵੱਡੀ ਮਾਤਰਾ ’ਚ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਨਸ਼ਾ ਸਮਗਲਰ ਗ੍ਰਿਫਤਾਰ
Publish Date: Mon, 09 Mar 2026 09:43 PM (IST)
Updated Date: Tue, 10 Mar 2026 04:10 AM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦੇ ਹੋਏ ਜਮਾਲਪੁਰ ਪੁਲਿਸ ਵੱਲੋਂ ਕਥਿਤ ਨਸ਼ਾ ਸਮਗਲਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਉਰਫ ਭੀਮਾ ਵਾਸੀ ਪਿੰਡ ਬਰਵਾਲੀ ਕਲਾਂ ਦੇ ਰੂਪ ਵਿੱਚ ਹੋਈ ਹੈ ਜੋ ਇਨੀ ਦਿਨੀਂ ਸ਼ਾਂਤੀ ਵਿਹਾਰ ਕਲੋਨੀ ਭਾਮੀਆਂ ਕਲਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਏਸੀਪੀ ਇੰਡਸਟਰੀ ਏਰੀਆ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਜਮਾਲਪੁਰ ਥਾਣੇਦਾਰ ਦਲਵੀਰ ਸਿੰਘ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਗੁਪਤ ਰੂਪ ਨਾਲ ਮਿਲੀ ਜਾਣਕਾਰੀ ਦੇ ਆਧਾਰ ਤੇ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਝਾਬੇਵਾਲ ਤੋਂ ਭਾਮੀਆਂ ਕਲਾਂ ਜਾਣ ਵਾਲੀ ਸੜਕ ਉੱਤੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦ ਉਹ ਆਪਣੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਸੀ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮ ਕੋਲੋਂ ਵਧੇਰੇ ਪੁੱਛ ਪੜਤਾਲ ਦੌਰਾਨ ਉਸ ਦੇ ਨਸ਼ਾ ਤਸਕਰੀ ਦੇ ਰੈਕਟ ਨਾਲ ਜੁੜੇ ਹੋਰ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।