ਹੈਰੋਇਨ ਸਮੇਤ ਨਸ਼ਾ ਸਮੱਗਲਰ ਗ੍ਰਿਫ਼ਤਾਰ
ਹੈਰੋਇਨ ਸਮੇਤ ਨਸ਼ਾ ਸਮਗਲਰ ਗ੍ਰਿਫਤਾਰ
Publish Date: Fri, 06 Mar 2026 09:01 PM (IST)
Updated Date: Fri, 06 Mar 2026 09:03 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਚਿੱਟੀ ਕਾਲੋਨੀ ਭੱਟੀਆਂ ਵੇਟ ਦੇ ਰਹਿਣ ਵਾਲੇ ਦੀਪਕ ਅਤੇ ਗਗਨਦੀਪ ਕਾਲੋਨੀ ਵਾਸੀ ਚਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਥਾਣੇਦਾਰ ਕਸ਼ਮੀਰ ਸਿੰਘ ਦੇ ਬਿਆਨ ਉੱਪਰ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਕਸ਼ਮੀਰ ਸਿੰਘ ਮੁਤਾਬਕ ਸਥਾਨਕ ਮੈਟਰੋ ਮਾਲ ਦੇ ਨਜ਼ਦੀਕ ਗਸ਼ਤ ਦੌਰਾਨ ਪੁਲਿਸ ਨੂੰ ਬੇਅਬਾਦ ਪਲਾਟ ਵਿੱਚ ਦੋ ਸ਼ੱਕੀ ਵਿਅਕਤੀ ਬੈਠੇ ਵਿਖਾਈ ਦਿੱਤੇ। ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਬੁਲਾ ਕੇ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਗ੍ਰਾਮ ਹੈਰੋਇਨ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਹੋਇਆ। ਥਾਣੇਦਾਰ ਕਸ਼ਮੀਰ ਸਿੰਘ ਮੁਤਾਬਿਕ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਨਸ਼ਾ ਤਸਕਰੀ ਦੇ ਰੈਕਟ ਨਾਲ ਜੁੜੇ ਹੋਰ ਨਸ਼ਾ ਸਮੱਗਲਰਾਂ ਬਾਰੇ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ।