ਬਾਬਾ ਫਲਾਹੀ ਦੀ ਦਰਗਾਹ ’ਤੇ ਨਾਟਕ ਮੇਲਾ ਕਰਵਾਇਆ
ਬਾਬਾ ਫਲਾਹੀ ਦੀ ਦਰਗਾਹ ’ਤੇ ਨਾਟਕ ਮੇਲਾ ਕਰਵਾਇਆ ਗਿਆ
Publish Date: Sun, 15 Feb 2026 07:45 PM (IST)
Updated Date: Mon, 16 Feb 2026 04:13 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸ਼ੇਰਪੁਰ ਬੇਟ ਵਲੋਂ ਬਾਬਾ ਫਲਾਹੀ ਦੀ ਦਰਗਾਹ ’ਤੇ ਸਰਗਮ ਰੰਗਮੰਚ ਵਲੋਂ ਨਾਟਕ ਮੇਲਾ ਕਰਵਾਇਆ ਗਿਆ। ਬਾਬਾ ਦੀਪਾ ਸਿੰਘ ਦੀ ਅਗਵਾਈ ਹੇਠ ਕਰਵਾਏ ਨਾਟਕ ਮੇਲੇ ਵਿਚ ਸਰਕਾਰੀ ਹਾਈ ਸਕੂਲ ਸ਼ੇਰਪੁਰ ਬੇਟ ਦੇ ਵਿਦਿਆਰਥੀਆਂ ਨੇ ਭਗਵੰਤ ਸਿੰਘ ਧਾਲੀਵਾਲ ਵਲੋਂ ਲਿਖਤ ਨਾਟਕ ‘ਸੁਪਨਾ ਬਾਬੁਲ ਦਾ’ ਦੀ ਸਫ਼ਲ ਪੇਸ਼ਕਾਰੀ ਕੀਤੀ ਜਿਸ ਦੀ ਦਰਸ਼ਕਾਂ ਨੇ ਖੂਬ ਸਰਾਹਨਾ ਕੀਤੀ। ਨਾਟਕ ਦੀ ਕਹਾਣੀ ਰਾਹੀਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜੋ ਅੱਜ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਉਸਦਾ ਦੁਖਾਂਤ ਪੇਸ਼ ਕੀਤਾ। ਇਸ ਤੋਂ ਇਲਾਵਾ ਇੱਕ ਨਾਟਕ ਅਕਸ਼ ਰੰਗਮੰਚ ਸਮਰਾਲਾ ਦੀ ਟੀਮ ਵਲੋਂ ‘ਇੱਕ ਸੀ ਜਲਪਰੀ’ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਨਾਟਕ ਵਿਚ ਭਰੂਣ ਹੱਤਿਆ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵਲੋਂ ਕੋਰਿਓਗ੍ਰਾਫ਼ੀ, ਸਕਿੱਟਾਂ, ਲੋਕ ਨਾਚ ਲੁੱਡੀ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਚੇਅਰਮੈਨ ਸੋਹਣ ਲਾਲ ਸ਼ੇਰਪੁਰੀ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨਾਟਕ ਦਾ ਮੰਚਨ ਕਰਨ ਵਾਲੇ ਵਿਦਿਆਰਥੀ ਤੇ ਕਲਾਕਾਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਾਡੇ ਸਮਾਜ ਨੂੰ ਸੇਧ ਦਿੰਦੇ ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਕ੍ਰਿਸ਼ਨ ਲਾਲ ਕਾਲੜਾ, ਜੋਗਿੰਦਰ ਸਿੰਘ ਪੋਲਾ ਸਰਪੰਚ, ਰਛਪਾਲ ਸਿੰਘ ਬਲਾਕ ਸੰਮਤੀ ਮੈਂਬਰ, ਕਲੱਬ ਪ੍ਰਧਾਨ ਅਵਤਾਰ ਸਿੰਘ ਮੰਗਾ, ਉਪ ਪ੍ਰਧਾਨ ਬਲਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਜਸਵੰਤ ਸਿੰਘ ਸ਼ਤਾਬਗੜ੍ਹ, ਪ੍ਰਲਾਦ ਸਿੰਘ, ਸ਼ਿੰਗਾਰਾ ਸਿੰਘ, ਅਰਵਿੰਦਰ ਰਾਜੂ, ਕੁਲਦੀਪ ਸਿੰਘ ਸੈਣੀ ਵੀ ਮੌਜੂਦ ਸਨ।