ਡਾ. ਯੋਗਿਤਾ ਸ਼ਰਮਾ ਨੇ ਪੀਏਯੂ ਦੇ ਲਾਇਬ੍ਰੇਰੀਅਨ ਵਜੋਂ ਕਾਰਜਭਾਰ ਸੰਭਾਲਿਆ
ਡਾ.ਯੋਗਿਤਾ ਸ਼ਰਮਾ ਨੇ ਪੀਏਯੂ ਦੇ ਲਾਇਬ੍ਰੇਰੀਅਨ ਵਜੋਂ ਕਾਰਜਭਾਰ ਸੰਭਾਲਿਆ
Publish Date: Tue, 20 Jan 2026 06:27 PM (IST)
Updated Date: Wed, 21 Jan 2026 04:10 AM (IST)

- ਸਰਵੋਤਮ ਲਾਇਬ੍ਰੇਰੀਅਨ ਪੁਰਸਕਾਰ ਨਾਲ ਸਨਮਾਨਿਤ ਡਾ. ਯੋਗਿਤਾ ਨੂੰ ਲਾਇਬ੍ਰੇਰੀ ਅਧਿਆਪਨ ’ਚ 15 ਸਾਲ ਦਾ ਤਜਰਬਾ ਫੋਟੋ ਨੰਬਰ-10,11 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਲਾਇਬ੍ਰੇਰੀ ਅਕਾਦਮਿਕਤਾ ਦੇ ਖੇਤਰ ’ਚ 27 ਸਾਲ ਦੇ ਲੰਮੇ ਤਜਰਬੇ ਤੋਂ ਬਾਅਦ ਡਾ. ਯੋਗਿਤਾ ਸ਼ਰਮਾ ਨੇ ਮੰਗਲਵਾਰ ਨੂੰ ਪੀਏਯੂ ਦੀ ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀਅਨ ਦਾ ਕਾਰਜ ਭਾਰ ਸੰਭਾਲ ਲਿਆ ਹੈ। ਉਨ੍ਹਾਂ ਗੋਲਡ ਮੈਡਲ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ’ਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ। ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪੀਐੱਚਡੀ ਦੀ ਡਿਗਰੀ ਨਾਲ ਵੀ ਉਨਾਂ ਨੂੰ ਨਿਵਾਜਿਆ ਗਿਆ। ਪੀਏਯੂ ’ਚ ਕਾਰਜ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੇ ਡਿਜ਼ੀਟਲ ਸਰੂਪ ਤੇ ਦਸਤਾਵੇਜ਼ਾਂ ਨੂੰ ਡਿਜ਼ੀਟਲ ਰੂਪ ਵਿੱਚ ਸੰਭਾਲਣ ਦੇ ਨਾਲ-ਨਾਲ ਆਰਐੱਫਆਈਡੀ ਪ੍ਰਬੰਧ ਸਥਾਪਿਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ, 2008 ਤੋਂ ਲੈ ਕੇ 2024 ਤੱਕ ਉਹ ਖੇਤੀਬਾੜੀ ਵਿੱਚ ਈ ਸਰੋਤਾਂ ਬਾਰੇ ਆਈਸੀਏਆਰ ਕੰਸ਼ੋਰਸ਼ੀਅਮ ਦੇ ਨੋਡਲ ਅਧਿਕਾਰੀ ਰਹੇ। ਇਸੇ ਤਰ੍ਹਾਂ ਉਹ ਰਾਸ਼ਟਰੀ ਖੇਤੀ ਖੋਜ ਅਤੇ ਸਿੱਖਿਆ ਪ੍ਰਬੰਧ ’ਚ ਈ ਗ੍ਰੰਥ ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਾਰਜ ਕਰਦੇ ਰਹੇ। ਉਨ੍ਹਾਂ ਖੇਤੀ ਲਾਇਬ੍ਰੇਰੀਆਂ ਵਿੱਚ ਕੇਓਐੱਚਏ ਸਿਸਟਮ ਰਾਹੀਂ ਸਾਂਝੇ ਸਾਫਟਵੇਅਰ ਪ੍ਰਬੰਧਨ ਲਈ ਵੀ ਕੰਮ ਕੀਤਾ। ਇਸਦੇ ਨਾਲ ਹੀ ਲਾਇਬ੍ਰੇਰੀ ਅਧਿਆਪਨ ਵਿੱਚ ਉਨਾਂ ਕੋਲ 15 ਸਾਲ ਦਾ ਤਜਰਬਾ ਹੈ। ਉਨਾਂ ਵੱਖ-ਵੱਖ ਅਕਾਦਮਿਕ ਵਰਗਾਂ ਦੇ 31 ਵਿਦਿਆਰਥੀਆਂ ਦੀ ਅਗਵਾਈ ਕੀਤੀ ਅਤੇ 58 ਸਿਖਲਾਈ ਪ੍ਰੋਗਰਾਮ/ਕਾਨਫਰੰਸਾਂ/ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਕਰਵਾਈਆਂ। ਪਸਾਰ ਮਾਹਿਰ ਵਜੋਂ ਉਨ੍ਹਾਂ ਲਾਇਬ੍ਰੇਰੀ ਵਿਗਿਆਨ ਬਾਰੇ 29 ਵਿਸ਼ੇਸ਼ ਭਾਸ਼ਣ ਵੀ ਦਿੱਤੇ। ਉਨ੍ਹਾਂ ਯੂਨੀਵਰਸਿਟੀ ਵਿੱਚ ਖੋਜ ’ਚ ਨਕਲ ਰੋਕਥਾਮ ਦੇ ਪੈਮਾਨਿਆਂ ਦੀ ਸਥਾਪਤੀ ਲਈ ਵਿਸ਼ੇਸ਼ ਕਾਰਜ ਕੀਤਾ। ਉਹ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ 2011-12 ਦੇ ਮੈਂਬਰ ਵੀ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਬੇ੍ਰਰੀ ਅਤੇ ਸੂਚਨਾ ਵਿਗਿਆਨ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਦਾ ਮਾਣ ਵੀ ਉਨਾਂ ਨੂੰ ਹਾਸਲ ਹੈ, 6 ਸਾਲ ਤੱਕ ਉਹ ਕੁੜੀਆਂ ਦੇ ਹੋਸਟਲ ਦੇ ਵਾਰਡਨ ਅਤੇ 3 ਸਾਲ ਚੀਫ ਵਾਰਡਨ ਰਹੇ। 2024 ਵਿੱਚ ਉਨਾਂ ਨੂੰ ਖੇਤੀ ਲਾਇਬ੍ਰੇਰੀਆਂ ਦੀ ਐਸੋਸੀਏਸ਼ਨ ਵੱਲੋਂ ਸਰਵੋਤਮ ਲਾਇਬ੍ਰੇਰੀਅਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੇ ਪੀਏਯੂ ਦੇ ਹੋਰ ਉੱਚ ਅਧਿਕਾਰੀਆਂ ਨੇ ਡਾ. ਯੋਗਿਤਾ ਸ਼ਰਮਾ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ ਹੈ।