ਡਾ. ਸੁਰਜੀਤ ਪਾਤਰ ਦੀ ਨਵੀਂ ਕਾਵਿ ਪੁਸਤਕ ‘ਰੱਬ, ਰੋਟੀ, ਭਾਸ਼ਾ ਤੇ ਰਾਗ’ ਲੋਕ ਅਰਪਣ
ਡਾ. ਸੁਰਜੀਤ ਪਾਤਰ ਦੀ ਨਵੀ ਕਾਵਿ ਪੁਸਤਕ ‘ਰੱਬ, ਰੋਟੀ, ਭਾਸ਼ਾ ’ਤੇ ਰਾਗ’ ਲੋਕ ਅਰਪਣ
Publish Date: Thu, 26 Feb 2026 06:25 PM (IST)
Updated Date: Thu, 26 Feb 2026 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਵਾਈਸ ਚਾਂਸਲਰ ਕਮੇਟੀ ਹਾਲ ਵਿੱਚ ਉੱਘੇ ਕਵੀ ਅਤੇ ਪੀਏਯੂ. ਦੇ ਸਾਬਕਾ ਪ੍ਰੋਫੈਸਰ ਪਦਮ ਸ੍ਰੀ ਡਾ ਸੁਰਜੀਤ ਪਾਤਰ ਦੀ ਨਵੀ ਕਾਵਿ ਪੁਸਤਕ ‘ਰੱਬ, ਰੋਟੀ, ਭਾਸ਼ਾ ਤੇ ਰਾਗ’ ਲੋਕ ਅਰਪਣ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਭੁਪਿੰਦਰ ਕੌਰ ਪਾਤਰ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ ਸਰਦਾਰਾ ਸਿੰਘ ਜੌਹਲ ਅਤੇ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਹਾਜ਼ਰੀ ਭਰੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਵਿਗਿਆਨੀਆਂ ਤੋਂ ਇਲਾਵਾ ਸਾਹਿਤ ਜਗਤ ਦੀਆਂ ਉੱਘੀਆਂ ਹਸਤੀਆਂ ਵੀ ਮੌਜੂਦ ਰਹੀਆਂ। ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਡਾ ਸਰਦਾਰਾ ਸਿੰਘ ਜੌਹਲ ਨੇ ਸੁਰਜੀਤ ਪਾਤਰ ਦੀ ਕਵਿਤਾ ਨੂੰ ਪੰਜਾਬ ਦੀ ਮਿੱਟੀ ਵਜੋਂ ਉਪਜੀ ਹੋਈ ਵੇਦਨਾ ਕਿਹਾ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਨੇ ਆਪਣੇ ਯੁੱਗ ਨੂੰ ਘੋਖਿਆ ਅਤੇ ਲੋਕਾ ਦੀ ਆਵਾਜ਼ ਬਣ ਕੇ ਢੁਕਵਾਂ ਉੱਤਰ ਸਿਰਜਿਆ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਸੁਰਜੀਤ ਪਾਤਰ ਦੀ ਕਵਿਤਾ ਨੂੰ ਪੀਏਯੂ. ਦੀ ਅਨਮੋਲ ਧਰੋਹਰ ਕਿਹਾ। ਉਨਾਂ ਮੁਤਾਬਕ ਭਵਿੱਖ ਦੀਆਂ ਨਸਲਾਂ ਪਾਤਰ ਕਾਵਿ ਉੱਪਰ ਮਾਣ ਮਹਿਸੂਸ ਕਰਨਗੀਆਂ। ਜਦੋਂ ਸਾਡੇ ਯੁੱਗ ਦਾ ਮਨੁੱਖੀ ਇਤਿਹਾਸ ਲਿਖਿਆ ਜਾਵੇਗਾ ਤਾਂ ਪਾਤਰ ਕਾਵਿ ਨੂੰ ਹਵਾਲਿਆਂ ਵਜੋਂ ਦੇਖਣ ਦੀ ਰੁਚੀ ਵਧੇਗੀ। ਭੁਪਿੰਦਰ ਕੌਰ ਪਾਤਰ ਨੇ ਡਾ ਸੁਰਜੀਤ ਪਾਤਰ ਨਾਲ ਜੁੜੀਆਂ ਯਾਦਾਂ ਅਤੇ ਉਨਾਂ ਦੀਆਂ ਕਵਿਤਾਵਾਂ ਸਾਝੀਆਂ ਕੀਤੀਆਂ। ਸੁਰਜੀਤ ਪਾਤਰ ਦੇ ਸਪੁੱਤਰ ਮਨਰਾਜ ਪਾਤਰ ਨੇ ਇਸ ਕਿਤਾਬ ਨਾਲ ਜੁੜੀਆਂ ਭਾਵਨਾਵਾਂ ਨਾਲ ਸਾਂਝ ਪਵਾਉਦਿਆਂ ਸਭ ਨੂੰ ਭਾਵੁਕ ਕਰ ਦਿੱਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਯੂਨੀਵਰਸਿਟੀ ਵੱਲੋਂ ਸੁਰਜੀਤ ਪਾਤਰ ਲਈ ਸਨੇਹਪੂਰਨ ਸ਼ਬਦ ਕਹੇ। ਉਨਾਂ ਕਿਹਾ ਕਿ ਡਾ ਪਾਤਰ ਸਦੀਆਂ ਤੱਕ ਆਪਣੇ ਸ਼ਬਦਾਂ ਰਾਹੀਂ ਵਿਦਮਾਨ ਰਹਿਣਗੇ। ਇਸ ਮੌਕੇ ਡਾ ਸੁਖਦੇਵ ਸਿੰਘ ਸਿਰਸਾ, ਪ੍ਰੋ ਗੁਰਭਜਨ ਸਿੰਘ ਗਿੱਲ, ਅਮਰਜੀਤ ਸਿੰਘ ਗਰੇਵਾਲ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਰੋਹ ਦਾ ਸੰਚਾਲਨ ਡਾ ਵਿਸ਼ਾਲ ਬੈਕਟਰ ਨੇ ਕੀਤਾ। ਸਵਾਗਤ ਦੇ ਸ਼ਬਦ ਪੰਜਾਬੀ ਸੰਪਾਦਕ ਡਾ ਜਗਵਿੰਦਰ ਸਿੰਘ ਨੇ ਕਹੇ।