ਡਾ. ਮੁਕੰਦ ਸਿੰਘ ਬਰਾੜ ਦੀ ਸਵੈ-ਜੀਵਨੀ ‘ਰੇਤਲੇ ਰਾਹਾਂ ਤੋਂ’ ਲੋਕ ਅਰਪਣ
ਡਾ. ਮੁਕੰਦ ਸਿੰਘ ਬਰਾੜ ਦੀ ਸਵੈ-ਜੀਵਨੀ ‘ਰੇਤਲੇ ਰਾਹਾਂ ਤੋਂ’ ਲੋਕ ਅਰਪਣ
Publish Date: Fri, 24 Apr 2026 06:34 PM (IST)
Updated Date: Fri, 24 Apr 2026 06:37 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ਼ੁੱਕਰਵਾਰ ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀਏਯੂ ਦੇ ਸੇਵਾ ਮੁਕਤ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ ਡਾ. ਮੁਕੰਦ ਸਿੰਘ ਬਰਾੜ ਦੀ ਸਵੈ ਜੀਵਨੀ ‘ਰੇਤਲੇ ਰਾਹਾਂ ਤੋਂ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕੱਕੇ ਰੇਤਿਆਂ ਵਿੱਚ ਵੀ ਸੂਹਾ ਗੁਲਾਬ ਖਿੜ ਕੇ ਮਹਿਕ ਸਕਦਾ ਹੈ, ਇਸ ਦੀ ਮਿਸਾਲ ਹੈ ਡਾ. ਮੁਕੰਦ ਸਿੰਘ ਬਰਾੜ ਦੀ ਸਵੈ-ਜੀਵਨੀ। ਉਨ੍ਹਾਂ ਕਿਹਾ ਕਿ ਮੁਕੰਦ ਸਿੰਘ ਬਰਾੜ ਦੀ ਇਹ ਸਵੈਜੀਵਨੀ ਅਜਿਹੀ ਰਚਨਾ ਹੈ ਜਿਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ, ਕਿਵੇਂ ਊਠ ਤੋਂ ਡਿੱਗਿਆ, ਰੇਤਲੇ ਟਿੱਬਿਆਂ ਦੀ ਸੁਗੰਧ ਮਾਨਣ ਵਾਲ਼ਾ ਇਹ ਬਾਲ ਸਕੂਲ ਜਾਣ ਦੀ ਥਾਂ ਸਾਥੀਆਂ ਨਾਲ਼ ਕਪਾਹ ਦੇ ਖੇਤ ਵਿੱਚ ਛੁਪ ਕੇ ਬੈਠਾ ਵਕਤ ਬਿਤਾਉਂਦਾ ਰਿਹਾ। ਕਪਾਹ ਚੁਗਾਵੀਆਂ ਦੇ ਬੋਲਾਂ ਨਾਲ ਝੰਜੋੜਿਆ ਜਾਣ ਵਾਲ਼ਾ ਇਹ ਵਿਦਿਆਰਥੀ , ਸਹੂਲਤਾਂ ਹੀਣੇ ਸਕੂਲਾਂ ਵਿੱਚ ਆਪਣੀ ਲਗਨ ਅਤੇ ਮਿਹਨਤ ਨਾਲ ਪੜ੍ਹਦਿਆਂ ਨਵੀਆਂ ਮੰਜ਼ਿਲਾਂ ਸਰ ਕਰਦਾ ਹੈ। ਇਹ ਸਵੈਜੀਵਨੀ ਉਸ ਨੇ ਬੜੇ ਸਰਲ, ਸਪੱਸ਼ਟ ਤੇ ਬੇਬਾਕ ਅੰਦਾਜ਼ ਵਿੱਚ ਬਿਆਨ ਕੀਤੀ ਹੈ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਦਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਪਾਰਦਰਸ਼ੀ ਲਿਖਤ ਸਿਰਫ਼ ਜੀਵਨ ਕਥਾ ਹੀ ਨਹੀਂ ਸਗੋਂ ਪੇਂਡੂ ਪੰਜਾਬ ਦੇ ਧੀਆਂ ਪੁੱਤਰਾਂ ਲਈ ਪ੍ਰੇਰਨਾ ਦੇਣ ਵਾਲ਼ੀ ਰਚਨਾ ਹੈ। ਇਸੇ ਕਰਕੇ ਇਹ ਸਿਰਫ਼ ਉਨ੍ਹਾਂ ਦੀ ਜੀਵਨ ਕਥਾ ਹੀ ਨਹੀਂ ਸਗੋਂ ਇੱਕ ਵਿਗਿਆਨੀ ਦਾ ਰੌਚਿਕਤਾ ਭਰਪੂਰ ਲਿਖਿਆ ਜੀਵਨ-ਸਫ਼ਰਨਾਮਾ ਵੀ ਹੈ। ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਉਨ੍ਹਾਂ ਜੋ ਕੁੱਝ ਜਾਣਿਆ, ਦੇਖਿਆ, ਮਾਣਿਆ ਤੇ ਸਮਝਿਆ ਉਸ ਦਾ ਹੀ ਜੋੜਫ਼ਲ ਹੈ ਇਹ ਸਵੈਜੀਵਨੀ। ਨਗਰ ਨਿਗਮ ਲੁਧਿਆਣਾ ਦੇ ਜੁਅਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਡਾ. ਬਰਾੜ ਦੀ ਇਹ ਪੁਸਤਕ ਹਰ ਪੰਜਾਬੀ ਪਾਠਕ ਨੂੰ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਾਲੀ ਹੈ। ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਡਾ. ਮੁਕੰਦ ਸਿੰਘ ਬਰਾੜ ਦੀ ਇਹ ਮੁੱਲਵਾਨ ਲਿਖਤ ਸਾਡੇ ਰਾਹ ਰੁਸ਼ਨਾਵੇਗੀ। ਸਭ ਦਾ ਧੰਨਵਾਦ ਕਰਦੇ ਹੋਏ ਡਾ. ਮੁਕੰਦ ਸਿੰਘ ਬਰਾੜ ਨੇ ਕਿਹਾ ਕਿ ਪ੍ਰੋ. ਗੁਰਭਜਨ ਗਿੱਲ ਅਤੇ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਲਗਪਗ 25 ਸਾਲ ਇਕੱਠਿਆਂ ਪੜ੍ਹਾਇਆ ਹੈ ਅਤੇ ਇਸੇ ਸੰਗਤ ਕਾਰਨ ਉਹ ਆਪਣੀ ਸਵੈ-ਜੀਵਨੀ ਲਿਖਣ ਦਾ ਸੁਪਨਾ ਪੂਰਾ ਕਰ ਸਕੇ ਹਨ।