ਵਿਗਿਆਨੀਆਂ ਤੇ ਨੀਤੀਘਾੜਿਆਂ ਵੱਲੋਂ ਵੈਟਰਨਰੀ ’ਵਰਸਿਟੀ ਦਾ ਦੌਰਾ
ਡਾ.ਖੁਸ਼, ਪ੍ਰੋ. ਸੁਖਪਾਲ, ਵਿਗਿਆਨੀਆਂ ਅਤੇ ਨੀਤੀਘਾੜਿਆਂ ਵੱਲੋਂ ਵੈਟਰਨਰੀ ’ਵਰਸਿਟੀ ਦਾ ਦੌਰਾ
Publish Date: Tue, 17 Mar 2026 06:53 PM (IST)
Updated Date: Wed, 18 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸੁਪਰ ਚੌਲਾਂ ਦੇ ਖੋਜੀ ਪਦਮ ਸ੍ਰੀ ਡਾ. ਗੁਰਦੇਵ ਸਿੰਘ ਖੁਸ਼ ਅਤੇ ਪ੍ਰੋ. ਸੁਖਪਾਲ ਸਿੰਘ ਚੇਅਰਮੈਨ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਨਾਲ ਉੱਘੇ ਵਿਗਿਆਨੀਆਂ ਅਤੇ ਨੀਤੀਘਾੜਿਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਉਬੇਸ਼ਨ ਫਾਊਂਡੇਸ਼ਨ, ਸੈਕਸ਼ਨ - 8 ਕੰਪਨੀ ਦਾ ਵਿਸ਼ੇਸ਼ ਦੌਰਾ ਕੀਤਾ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਵੈਟਰਨਰੀ, ਡੇਅਰੀ ਅਤੇ ਸਹਾਇਕ ਖੇਤਰਾਂ ਵਿੱਚ ਨਵੀਨਤਾ, ਉਦਮੀਪਨ ਅਤੇ ਢੁੱਕਵੇਂ ਹਲ ਲੱਭਣ ਦੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਟਾਰਟਅੱਪਸ ਅਤੇ ਨਵੇਂ ਉਦਮੀਆਂ ਲਈ ਇੱਕ ਸੁਚੱਜਾ ਵਾਤਾਵਰਣਿਕ ਢਾਂਚਾ ਘੜ੍ਹਨ ਦੀ ਲੋੜ ਨੂੰ ਉਜਾਗਰ ਕੀਤਾ। ਡਾ. ਖੁਸ਼ ਨੇ ਵੈਟਰਨਰੀ ਯੂਨੀਵਰਸਿਟੀ ਵੱਲੋਂ ਨਵੇਂ ਉਦਮੀਆਂ ਲਈ ਇੱਕ ਪ੍ਰਭਾਵਸ਼ਾਲੀ ਮੰਚ ਸਿਰਜਣ ਅਤੇ ਪਸ਼ੂਧਨ ਖੇਤਰ ਵਿੱਚ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪਿੰਡਾਂ ਵਿੱਚ ਰੁਜ਼ਗਾਰ ਸਿਰਜਣ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਤੇ ਪਸ਼ੂਧਨ ਕਿੱਤਿਆਂ ਦੀ ਪਿੱਠਭੂਮੀ ਵਿੱਚ ਨਵੇਂ ਉਦਮ ਸਥਾਪਿਤ ਕਰਨ ਲਈ ਬਹੁਤ ਸਹਾਈ ਹੋਣਗੀਆਂ। ਪ੍ਰੋ. ਸੁਖਪਾਲ ਸਿੰਘ ਨੇ ਪਸ਼ੂਧਨ ਖੇਤਰ ਵਿੱਚ ਨਵੀਨਤਾ ਅਧਾਰਿਤ ਹੱਲ ਲੱਭਣ ਲਈ ਇਸ ਕੇਂਦਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨ ਕੇਂਦਰਿਤ ਸਟਾਰਟਅੱਪਸ ਨੂੰ ਸੁਦ੍ਰਿੜ ਕਰਨ, ਮੁੱਲ ਲੜੀ ਨੂੰ ਬਿਹਤਰ ਬਨਾਉਣ ਅਤੇ ਕਿਸਾਨਾਂ ਲਈ ਟਿਕਾਊ ਅਤੇ ਬੱਝਵੀਂ ਆਮਦਨ ਨੂੰ ਯਕੀਨੀ ਬਨਾਉਣ ਦੀ ਮਹੱਤਤਾ ’ਤੇ ਜੋਰ ਦਿੱਤਾ। ਡਾ. ਰਾਮ ਸਰਨ ਸੇਠੀ, ਨਿਰਦੇਸ਼ਕ, ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਉਬੇਸ਼ਨ ਫਾਊਂਡੇਸ਼ਨ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਸਥਾਪਿਤ ਇਸ ਕੇਂਦਰ ਵੱਲੋਂ ਹੁਣ ਤੱਕ 20 ਤੋਂ ਵੱਧ ਸਟਾਰਟਅੱਪਸ ਨੂੰ ਸਮਰਥਨ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਹਰ ਢੁੱਕਵੇਂ ਢੰਗ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਖੋਜ ਅਧਾਰਿਤ ਉਦਮਾਂ ਨੂੰ ਉਤਸ਼ਾਹਿਤ ਕਰਨ ਲਈ ਰੁ: 10 ਲੱਖ ਦੀ ਮੁੱਢਲੀ ਗ੍ਰਾਂਟ ਵੀ ਮੁਹੱਈਆ ਕੀਤੀ ਜਾਂਦੀ ਹੈ। ਡਾ. ਕੁਲਵਿੰਦਰ ਸਿੰਘ ਗਿੱਲ ਅਤੇ ਡਾ. ਪੰਕਜ ਨਵਾਨੀ ਸਮੇਤ ਦੂਸਰੇ ਸਟਾਰਟਅੱਪਸ ਉਦਮੀਆਂ ਨੇ ਆਪਣੇ ਕਾਰਜ ਦਾ ਪ੍ਰਦਰਸ਼ਨ ਕੀਤਾ ਅਤੇ ਮਿਲ ਰਹੇ ਸਹਿਯੋਗੀ ਵਾਤਾਵਰਣ ਸੰਬੰਧੀ ਸੰਤੁਸ਼ਟੀ ਪ੍ਰਗਟਾਈ। ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ, ਇਕਬਾਲਪ੍ਰੀਤ ਕੌਰ ਸਿੱਧੂ ਨੇ ਸਾਰੇ ਕਾਰਜਾਂ ਸੰਬੰਧੀ ਰੋਸ਼ਨੀ ਪਾਉਂਦਿਆਂ ਹੋਇਆਂ ਸਲਾਹਕਾਰੀ, ਖੋਜ ਸਹਾਇਤਾ ਅਤੇ ਉਦਯੋਗਿਕ ਸੰਬੰਧਾਂ ਦੀ ਲੋੜ ਬਾਰੇ ਚਾਨਣਾ ਪਾਇਆ। ਇਸ ਦੌਰੇ ਦੌਰਾਨ ਅਮਰੀਕਾ ਦੇ ਉੱਘੇ ਪੌਦਾ ਵਿਗਿਆਨੀ ਡਾ. ਵਿਕਰਮ ਸਿੰਘ ਗਿੱਲ, ਪੀਏਯੂ ਦੇ ਸੀਨੀਅਰ ਵਿਗਿਆਨੀ ਡਾ. ਜੌਹਰ ਸਿੰਘ ਸੈਣੀ ਅਤੇ ਕੈਨੇਡਾ ਦੇ ਵੈਟਰਨਰੀ ਮਾਹਿਰ ਡਾ. ਬਲਰੂਪ ਸਿੰਘ ਵੀ ਹਾਜ਼ਰ ਸਨ।