ਖੋਜ ਕਾਰਜਾਂ ਲਈ ਓਹਾਈਓ ਵਰਸਿਟੀ ਵਿਖੇ ਹੋਈ ਡਾ. ਗੋਬਿੰਦਰ ਸਿੰਘ ਦੀ ਚੋਣ
ਖੋਜ ਕਾਰਜਾਂ ਲਈ ਓਹਾਈਓ ’ਵਰਸਿਟੀ ਵਿਖੇ ਹੋਈ ਡਾ. ਗੋਬਿੰਦਰ ਸਿੰਘ ਦੀ ਚੋਣ
Publish Date: Thu, 05 Mar 2026 07:24 PM (IST)
Updated Date: Fri, 06 Mar 2026 04:12 AM (IST)

- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਿੱਟੀ ਰਸਾਇਣ ਵਿਗਿਆਨੀ ਹਨ ਡਾ. ਸਿੰਘ ਫੋਟੋ ਨੰਬਰ- 23 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੇ ਓਹਾਈਓ ਸਟੇਟ ਯੂਨੀਵਰਸਿਟੀ ਅਮਰੀਕਾ ਵਿਚਕਾਰ ਲੰਮੀ ਇਤਿਹਾਸਕ ਅਕਾਦਮਿਕ ਸਾਂਝ ਇਕ ਨਵੇਂ ਦੌਰ ’ਚ ਪ੍ਰਵੇਸ਼ ਕਰਨ ਜਾ ਰਹੀ ਹੈ। ਪੀਏਯੂ ਦੇ ਮਿੱਟੀ ਰਸਾਇਣ ਵਿਗਿਆਨੀ ਡਾ. ਗੋਬਿੰਦਰ ਸਿੰਘ ਨੂੰ ਓਹਾਈਓ ਯੂਨੀਵਰਸਿਟੀ ’ਚ ਡਾ. ਰਤਨ ਲਾਲ ਸੈਂਟਰ ਫਾਰ ਕਾਰਬਨ ਮੈਨੇਜਮੈਂਟ ਐਂਡ ਸੀਕੁਏਸਟ੍ਰੇਸਨ ਵਿਖੇ ਖੋਜ ਕਾਰਜਾਂ ਲਈ ਚੁਣਿਆ ਗਿਆ ਹੈ। ਇਹ ਪ੍ਰੋਗਰਾਮ ਸਰੋਤ ਸੰਭਾਲ ਖੇਤੀਬਾੜੀ ਉੱਪਰ ਕੇਂਦਰਿਤ ਹੈ ਅਤੇ ਆਲਮੀ ਖੇਤੀਬਾੜੀ ਚੁਣੌਤੀਆਂ ਦੇ ਹੱਲ ਲਈ ਦੋਵਾਂ ਸੰਸਥਾਵਾਂ ਵਿਚਕਾਰ ਵਿਗਿਆਨਕ ਸਾਂਝੇਦਾਰੀ ਦੇ ਉਦੇਸ਼ ਨਾਲ ਵਿਉਂਤਿਆ ਗਿਆ ਹੈ। ਵਿਜ਼ਟਿੰਗ ਸਕਾਲਰ ਦੇ ਤੌਰ ਤੇ ਡਾ. ਗੋਬਿੰਦਰ ਸਿੰਘ ਸੀਐੱਫਏਈਐੱਸ ਰਤਨ ਲਾਲ ਸੈਂਟਰ ਵਿਖੇ ਕੰਮ ਕਰਨਗੇ। ਇਸ ਕੇਂਦਰ ਦੀ ਸਥਾਪਨਾ ਅੰਤਰਰਾਸ਼ਟਰੀ ਪੱਧਰ ਭੂਮੀ ਵਿਗਿਆਨੀ ਡਾ. ਰਤਨ ਲਾਲ ਦੁਆਰਾ ਕੀਤੀ ਗਈ ਹੈ, ਜੋ ਕਿ ਓਹਾਈਓ ਯੂਨੀਵਰਸਿਟੀ ਦੇ ਵਿਸੇਸ ਪ੍ਰੋਫੈਸਰ ਅਤੇ 2020 ਵਿੱਚ ਵਿਸ਼ਵ ਭੋਜਨ ਪੁਰਸਕਾਰ ਜੇਤੂ ਵਿਗਿਆਨੀ ਹਨ। ਇਹ ਕੇਂਦਰ ਭੂਮੀ ਕਾਰਬਨ ਅਤੇ ਸੀਕੁਏਸਟ੍ਰੇਸਨ ਅਤੇ ਸਥਿਰ ਭੂਮੀ ਪ੍ਰਬੰਧਨ ਲਈ ਵਿਸ਼ੇਸ਼ ਕੰਮ ਕਰਦਾ ਰਿਹਾ ਹੈ। ਇਸ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਪੀਏਯੂ. ਦੇ ਸਹਿਯੋਗੀ ਨਿਰਦੇਸ਼ਕ (ਸੰਸਥਾ ਸੰਪਰਕ) ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਐਕਸਚੇਂਜ ਪ੍ਰੋਗਰਾਮ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੀ ਖੋਜ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਡਾ. ਲਾਲ ਕਾਰਬਨ ਸੈਂਟਰ ਵਿਖੇ ਅਤਿ-ਆਧੁਨਿਕ ਖੋਜ ਦਾ ਹਿੱਸਾ ਬਣਨ ਨਾਲ ਸਰੋਤ ਸੰਭਾਲ ਖੇਤੀਬਾੜੀ ਅਤੇ ਕਾਰਬਨ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਯੂਨੀਵਰਸਿਟੀ ਦੇ ਵਿਗਿਆਨ ਆਪਣੀ ਖੋਜ ਸਮਰੱਥਾ ਨੂੰ ਭਰਪੂਰ ਕਰਨਗੇ।