..........ਪੁੱਛੀ ਸਾਰ ਨਾ ਜਿੰਨ੍ਹਾਂ ਨੇ ਸ਼ਰਫ ਮੇਰੀ, ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦੁਨੀਆ ਭਰ ਵਿਚ ਹਰ ਵਰ੍ਹੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ। ਇਸੇ ਦਿਨ ਪੰਜਾਬੀ ਮਾਂ ਬੋਲੀ ਦੀ ਪ੍ਰਫੁਲੱਤਾ ਲਈ ਵੀ ਸਰਕਾਰੀ ’ਤੇ ਗੈਰ ਸਰਕਾਰੀ ਤੌਰ 'ਤੇ ਉਪਰਾਲੇ ਕੀਤੇ ਜਾਂਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਅਨੇਕਾਂ ਯਤਨਾਂ ਦੇ ਬਾਵਜੂਦ ਆਪਣੇ ਹੀ ਘਰ ਵਿਚ ਬਿਗਾਨੀ ਬਣ ਕੇ ਰਹਿ ਗਈ ਹੈ ਮਾਖਿਓ ਮਿੱਠੀ ਮਾਂ-ਬੋਲੀ ਪੰਜਾਬੀ। ਗੂਗਲ ਅਨੁਸਾਰ ਪੰਜਾਬੀ ਪਾਕਿਸਤਾਨ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਜਦ ਕਿ ਭਾਰਤ ਵਿਚ ਗਿਆਰਵੀਂ ਸਭ ਤੋ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਦੁਨੀਆ ਦੀਆਂ 7000 ਮੁੱਖ ਭਾਸ਼ਾਵਾਂ 'ਚੋਂ 10 ਵੇਂ ਨੰਬਰ 'ਤੇ ਹੈ ਪੰਜਾਬੀ ਭਾਸ਼ਾ। ਕੈਨੇਡਾ 'ਚ ਪੰਜਾਬੀ ਭਾਸ਼ਾ ਨੂੰ ਤੀਸਰਾ ਤੇ ਆਸਟਰੇਲੀਆ 'ਚ ਦੂਸਰਾ ਸਥਾਨ ਹਾਸਲ ਹੈ। ਪੰਜਾਬ ਸਰਕਾਰ ਨੇ ਸਾਲ 1967 ਵਿਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਸੀ। ਪੰਜਾਬੀ ਜਾਗਰਣ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਅਤੇ ਹੋਰ ਪੰਜਾਬੀ ਹਿਤੈਸ਼ੀਆਂ ਨਾਲ ਗੱਲਬਾਤ ਕੀਤੀ ਗਈ। ਜਿਨ੍ਹਾਂ ਦਾ ਕਹਿਣਾ ਸੀ ਕਿ ਵੱਖ-ਵੱਖ ਭਾਸ਼ਾਵਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ ਦੀ ਕੁਰਬਾਨੀ ਦੇ ਕੇ ਦੂਸਰੀ ਭਾਸ਼ਾ ਸਿੱਖਣੀ ’ਤੇ ਬੋਲਣੀ ਠੀਕ ਨਹੀਂ।
ਬੋਲੀ ਤੋਂ ਹੁੰਦੀ ਹੈ ਕਿਸੇ ਵੀ ਭਾਈਚਾਰੇ ਦੇ ਲੋਕਾਂ ਤੇ ਸੱਭਿਆਚਾਰ ਦੀ ਪਛਾਣ : ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ
ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 'ਤੇ ਗੱਲ ਕਰਦੇ ਹੋਏ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਦੇ ਲੋਕਾਂ ਅਤੇ ਸੱਭਿਆਚਾਰ ਦੀ ਪਛਾਣ ਉਨ੍ਹਾਂ ਦੀ ਬੋਲੀ ਤੋਂ ਹੁੰਦੀ ਹੈ। ਜਦੋਂ ਦੋ ਲੋਕ ਆਪਣੀ ਭਾਸ਼ਾ ਵਿਚ ਗੱਲ ਕਰਦੇ ਹਨ ਤਾਂ ਉਨ੍ਹਾਂ ਵਿਚੋਂ ਆਪਣੇ ਸੱਭਿਆਚਾਰ ਦੀ ਗੂੜੀ ਸਾਂਝ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਘਰ ਵਿਚ 'ਚ ਬਿਗਾਨੀ ਬਣ ਕੇ ਰਹਿ ਗਈ ਹੈ ਮਾਖਿਓ ਮਿੱਠੀ ਮਾਂ-ਬੋਲੀ ਪੰਜਾਬੀ। ਪਾਲੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਇਸ ਤੋਂ ਵੱਡੀ ਤੌਹੀਨ ਹੋਰ ਕੀ ਹੋ ਸਕਦੀ ਹੈ ਕਿ ਪੰਜਾਬ ਦੀ ਧਰਤੀ 'ਤੇ ਹੀ ਬਣੇ ਕਈ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨਾ ਤੱਕ ਕੀਤਾ ਜਾਂਦਾ ਹੈ।
ਆਪਣੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦਾ ਲੈਣਾ ਚਾਹੀਦਾ ਸੰਕਲਪ : ਪ੍ਰੋ. ਗਿੱਲ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ 'ਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤ ਹੋਣ ਤੱਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ ਕਿ ਆਪਣੇ ਘਰ ਤੋਂ ਰੁਜ਼ਗਾਰ ਤੱਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ? ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 'ਤੇ ਹਰ ਪੰਜਾਬੀ ਨੂੰ ਆਪਣੀ ਭਾਸ਼ਾ ਦੀ ਪ੍ਰਫੁੱਲਤਾ ਲਈ ਕਾਰਜ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ।
ਆਪਣੀ ਬੋਲੀ ਨੂੰ ਵਿਸਾਰਨ ਵਾਲੇ ਇਨਸਾਨ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ : ਰੋਸ਼ਨ
ਉਸਤਾਦ ਗਜ਼ਲਕਾਰ ਗੁਰਦਿਆਲ ਸਿੰਘ ਰੋਸ਼ਨ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਤੇ ਕਿਹਾ ਕਿ ਮਾਂ ਤੋਂ ਵਿਰਾਸਤ ਵਿੱਚ ਮਿਲੀ ਬੋਲੀ ਨੂੰ ਵਿਸਾਰਨ ਵਾਲੇ ਇਨਸਾਨ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੋ ਸਕਦਾ। ਪੰਜਾਬੀ ਸਾਹਿਤ ਪੜ੍ਹਨਾ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਹਰ ਪੰਜਾਬੀ ਦਾ ਫਰਜ ਹੈ। ਉਨ੍ਹਾਂ ਪੰਜਾਬੀਆਂ ਨੂੰ ਸਵਾਲ ਕੀਤਾ ਕਿ ਪੰਜਾਬ ਦੇ ਬਹੁਤੇ ਘਰਾਂ ਵਿੱਚ ਪੰਜਾਬੀ ਰਸਾਲੇ ਤੇ ਪੰਜਾਬੀ ਅਖਬਾਰ ਕਿਉਂ ਨਹੀਂ ਵੇਖਣ ਨੂੰ ਮਿਲਦੇ। ਰੌਸ਼ਨ ਨੇ ਇਹ ਵੀ ਕਿਹਾ ਪੰਜਾਬੀ ਦੀ ਪ੍ਫੁੱਲਤਾ ਲਈ ਪੰਜਾਬੀਆਂ ਨੂੰ ਖੁਦ ਅੱਗੇ ਆਉਣਾ ਪਵੇਗਾ ਤੇ ਸਰਕਾਰਾਂ ਤੋਂ ਆਸ ਰੱਖਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਆਪਣੀ ਬੋਲੀ ਪ੍ਰਤੀ ਫਰਜ਼ ਨੂੰ ਸਮਝਣ ਦੀ ਲੋੜ ਹੈ।
ਪੰਜਾਬੀ ਪ੍ਰੋ. ਪੰਡਿਤਰਾਓ ਧਰੇਨਵਰ ਤੋਂ ਸਿੱਖਣ ਭਾਸ਼ਾ ਦੀ ਬਿਹਤਰੀ ਲਈ ਕਾਰਜ ਕਰਨਾ : ਰਾਏ
ਸਮਾਜਸੇਵੀ ਭਰਪੂਰ ਸਿੰਘ ਰਾਏ ਦਾ ਕਹਿਣਾ ਹੈ ਕਿ ਹਰ ਪੰਜਾਬੀ ਨੂੰ ਪੰਜਾਬੀ ਮਾਂ-ਬੋਲੀ ਦੀ ਬਿਹਤਰੀ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਰਹੇ ਗੈਰ ਪੰਜਾਬੀ ਅਤੇ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਪ੍ਰੋ. ਪੰਡਿਤਰਾਓ ਧਰੇਨਵਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੋ ਇਸ ਖੇਤਰ ਵਿੱਚ ਕਾਰਜਸ਼ੀਲ ਹਨ। ਉਹ ਅਕਸਰ ਆਖਦੇ ਹਨ ਕਿ ਪੰਜਾਬੀ ਭਾਸ਼ਾ ਨੂੰ ਸਨਮਾਨ ਦਵਾਉਣ ਲਈ ਬੇਸ਼ੱਕ ਹੋਲੀ ਹੋਲੀ ਪੰਜਾਬੀ ਜਾਗ ਰਹੇ ਹਨ ਪਰ ਅਜੇ ਵੀ ਬੜ੍ਹਾ ਕੁੱਝ ਕਰਨਾ ਬਾਕੀ ਹੈ। ਪੰਜਾਬੀਆਂ ਨੂੰ ਜਗਾਉਣ ਲਈ ਹੀ ਉਹ ਪੰਜਾਬੀ ਭਾਸ਼ਾ ਦੀ ਪੈਂਤੀ ਨੂੰ ਸਿਰ 'ਤੇ ਰੱਖ ਕੇ ਪੰਜਾਬ ਦੀ ਹਰ ਗਲੀ ਤੇ ਮੁਹੱਲੇ ਵਿਚ ਜਾ ਰਹੇ ਹਨ। ਭਰਪੂਰ ਸਿੰਘ ਨੇ ਪ੍ਰੋ.ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬੀ ਗਾਇਕੀ ਵਿਚ ਫੈਲ ਰਹੀ ਲੱਚਰਤਾ ਨੂੰ ਖਤਮ ਕਰਨ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਮਾਂ-ਬੋਲੀ ਦੀ ਕੁਰਬਾਨੀ ਦੇ ਕੇ ਦੂਜੀ ਭਾਸ਼ਾ ਸਿੱਖਣੀ ਤੇ ਬੋਲਣੀ ਠੀਕ ਨਹੀਂ : ਲੈਕਚਰਾਰ ਅੰਮ੍ਰਿਤ ਕੌਰ
ਲੈਕਚਰਾਰ ਅੰਮ੍ਰਿਤ ਕੌਰ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਪਿੰਡਾਂ ਵਿਚ ਕੇਵਲ ਪੰਜਾਬੀ ਪੁਸਤਕਾਂ ਦੀ ਲਾਇਬਰੇਰੀ ਖੋਲਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਲਾਇਬਰੇਰੀ ਵਿਚ ਲੋਕਾਂ ਨੂੰ ਹਰ ਰੋਜ ਪੰਜਾਬੀ ਅਖਬਾਰ ਵੀ ਪੜ੍ਹਨ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ ਦੀ ਕੁਰਬਾਨੀ ਦੇ ਕੇ ਦੂਸਰੀ ਭਾਸ਼ਾ ਸਿੱਖਣੀ ’ਤੇ ਬੋਲਣੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹਰ ਪੰਜਾਬੀ ਨੂੰ ਆਪਣੀ ਭਾਸ਼ਾ ਦੀ ਬੇਹਤਰੀ ਲਈ ਕੰਮ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਕੇ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ ਜਾਵੋਗੇ : ਕਾਰੋਬਾਰੀ ਮਨਮੋਹਨ ਸਿੰਘ
ਕਾਰੋਬਾਰੀ ਮਨਮੋਹਨ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਸੇ ਨੇ ਸੱਚ ਲਿਖਿਆ ਹੈ ਕਿ 'ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ ਜਾਵੋਗੇ'। ਉਨ੍ਹਾਂ ਕਿਹਾ ਕਿ ਜੋ ਮਨੁੱਖ ਆਪਣੀ ਮਾਂ ਬੋਲੀ ਨੂੰ ਭੁੱਲਦਾ ਹੈ ਉਹ ਕੱਖਾਂ ਤੋ ਵੀ ਹੋਲਾ ਹੁੰਦਾ ਹੈ। ਅੱਜ ਪੰਜਾਬੀ ਮੁਹਾਵਰਿਆਂ ਦੀ ਥਾਂ ਅੰਗਰੇਜੀ ਸ਼ਬਦਾਂ ਨੇ ਲੈ ਲਈ ਹੈ। ਸਾਡੀ ਨੌਜਵਾਨ ਪੀੜੀ ਮਹਿੰਗੀ ਵਿਰਾਸਤ ਨੂੰ ਤਿਆਗ ਕੇ ਵਿਦੇਸ਼ੀ ਭਾਸ਼ਾ ਦੀ ਗੁਲਾਮ ਬਣ ਗਈ ਹੈ। ਉਨ੍ਹਾਂ ਮਾਂ ਬੋਲੀ ਭੁੱਲਣ ਵਾਲੇ ਪੰਜਾਬੀਆਂ ਨੂੰ ਸੋਚਣ ਤੇ ਵਿਚਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ ਤੋਂ ਕਿਸੇ ਨੂੰ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਇਸੇ ਵਿੱਚ ਸਮਝਦਾਰੀ ਹੈ।
ਮਾਂ ਬੋਲੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਕ ਢੁੱਕਵਾਂ ਮਾਧਿਅਮ : ਡਾ. ਜਾਚਕ
ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਜੋ ਸਾਡੇ ਜਨਮ ਤੋਂ ਲੈ ਕੇ ਆਖਰੀ ਸੁਆਸਾਂ ਤੱਕ ਸਾਡੇ ਨਾਲ ਰਹਿੰਦੀ ਹੈ, ਇਸ ਤੇ ਜਿਨ੍ਹਾਂ ਵੀ ਮਾਣ ਕੀਤਾ ਜਾਵੇ ਉਹ ਘੱਟ ਹੈ। ਮਾਂ ਬੋਲੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਢੁੱਕਵਾਂ ਮਾਧਿਅਮ ਹੁੰਦੀ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਸਹੁੰ ਚੁੱਕੀਏ ਕਿ ਅਸੀਂ ਪੰਜਾਬੀ ਬੋਲਾਂਗੇ, ਪੰਜਾਬੀ ਪੜਾਂਗੇ, ਪੰਜਾਬੀ ਲਿਖਾਂਗੇ ਅਤੇ ਬੱਚਿਆਂ ਨੂੰ ਪੰਜਾਬੀ ਸਿਖਾਂਵਾਂਗੇ। ਉਨ੍ਹਾਂ ਕਿਹਾ ਕਿ ਅਜਿਹਾ ਅਹਿਦ ਕਰਨ ਨਾਲ ਹੀ ਸਹੀ ਅਰਥਾਂ ਵਿੱਚ ਮਾਂ ਬੋਲੀ ਦਿਵਸ ਮਨਾਉਣਾ ਸਾਰਥਕ ਹੋ ਸਕਦਾ ਹੈ।
ਬਦਨਸੀਬ ਹਨ ਉਹ ਲੋਕ ਆਪਣੀ ਬੋਲੀ ਦੀ ਕਦਰ ਨਹੀਂ ਕਰਦੇ : ਡਾ. ਕੋਚਰ
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਉਣ ਦਾ ਉਦੇਸ਼ ਮਾਂ ਬੋਲੀ ਦੀ ਪ੍ਰਫੁੱਲਤਾ, ਪ੍ਰਚਾਰ ਅਤੇ ਪਸਾਰ ਲਈ ਨੌਜਵਾਨ ਪੀੜੀ ਨੂੰ ਨਾਲ ਜੋੜਨਾ ਹੈ। ਅੰਗਰੇਜੀ ਸਕੂਲਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਪਹਿਲੀ ਜਮਾਤ ਤੋਂ ਹੀ ਬਣਦਾ ਸਥਾਨ ਮਿਲੇ। ਡਾ.ਕੋਚਰ ਨੇ ਕਿਹਾ ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੰਨ੍ਹੀ ਹੋਵੇ ’ਤੇ ਬਦਅਸੀਸ ਲਈ ਕਿਹਾ ਜਾਂਦੈ ਕਿ ਜਾਹ ਤੇਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਬਦਨਸੀਬ ਹਨ ਉਹ ਲੋਕ ਆਪਣੀ ਬੋਲੀ ਦੀ ਕਦਰ ਨਹੀਂ ਕਰਦੇ। ਸਾਡੇ ਕੋਲ ਪੰਜਾਬੀ ਮਾਂ ਬੋਲੀ ਦਾ ਮਹਾਨ ਵਿਰਸਾ ਹੈ। ਗੁਰੂ ਸਹਿਬਾਨ ਨੇ ਮਾਂ ਬੋਲੀ ਵਿੱਚ ਬਾਣੀ ਰਚ ਕੇ ਸਾਨੂੰ ਮਾਣ ਬਖਸ਼ਿਆ ਹੈ। ਸੂਫੀ ਕਵੀਆਂ ਨੇ ਪੰਜਾਬੀ ਨੂੰ ਚਾਰ ਚੰਨ ਲਾਏ ਹਨ।
-ਬਿਗਾਨੀ ਭਾਸ਼ਾ ’ਚ ਲਿਖਣਾ ਵੈਸਾਖੀਆਂ ਸਹਾਰੇ ਤੁਰਨ ਵਾਲੀ ਗੱਲ : ਸ਼ਰਨਜੀਤ ਕੌਰ
ਜਪ ਪ੍ਰਭ ਕ੍ਰਿਏਸ਼ਨ ਦੀ ਪ੍ਰਬੰਧਕ ਸ਼ਰਨਜੀਤ ਕੌਰ ਨੇ ਗੱਲ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਮਨੁੱਖ ਦੇ ਢਿੱਡੋਂ ਨਿਕਲੀ ਬੋਲੀ ਹੁੰਦੀ ਹੈ ਜਿਸ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਪ੍ਰਗਟਾ ਸਕਦਾ ਹੈ। ਇਸੇ ਭਾਸ਼ਾ ਵਿੱਚ ਵਿਸ਼ਵ ਦਾ ਗਿਆਨ ਹਾਸਲ ਕਰ ਸਕਦਾ ਹੈ। ਇਸ ਦੀ ਗਵਾਹੀ ਉਹ ਦੇਸ਼ ਭਰਦੇ ਹਨ ਜਿੱਥੋਂ ਦੇ ਲੋਕ ਮਾਂ ਬੋਲੀ ਵਿੱਚ ਵਿਗਿਆਨ ਦੀ ਵਿਦਿਆ ਗ੍ਰਹਿਣ ਕਰਦੇ ਹਨ। ਦੁਨੀਆਂ ਦੇ ਜਿੰਨ੍ਹਾਂ ਲੋਕਾਂ ਨੂੰ ਨੋਬਲ ਪੁਰਸਕਾਰ ਮਿਲੇ ਉਨ੍ਹਾਂ ਕੇਵਲ ਆਪਣੀ ਭਾਸ਼ਾ ਵਿੱਚ ਲਿਖਿਆ। ਬਿਗਾਨੀ ਭਾਸ਼ਾ ਵਿੱਚ ਲਿਖਣਾ ਵੈਸਾਖੀਆਂ ਸਹਾਰੇ ਤੁਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ 21 ਫਰਵਰੀ ਦਾ ਦਿਹਾੜਾ ਹਰ ਸਾਲ ਆਪਣੀ ਮਾਂ ਬੋਲੀ ਭੁੱਲਣ ਵਾਲਿਆਂ ਨੂੰ ਇਸ ਦੀ ਯਾਦ ਦਵਾਉਂਦਾ ਹੈ।
ਬੋਲ-ਚਾਲ ਦੌਰਾਨ ਕੁੱਝ ਪੰਜਾਬੀ ਲੋਕ ਵੀ ਆਪਣੀ ਮਾਂ-ਬੋਲੀ ਦੀ ਵਰਤੋਂ ਨਹੀਂ ਕਰਦੇ : ਬੱਧਣ
ਲੇਖਕ ਮਨਜੀਤ ਸਿੰਘ ਬੱਧਣ ਨੇ ਕਿਹਾ ਕਿ ਇਸ ਵਿਚ ਕੋਈ ਦੋ-ਰਾਏ ਨਹੀਂ ਕਿ ਇਸ ਸਮੇਂ ਦੌਰਾਨ ਦੇਸ਼ ਦੇ ਪੂਰਬੀ ਪ੍ਰਾਂਤਾਂ ਤੇ ਹੋਰ ਇਲਾਕਿਆਂ ਵਿੱਚੋਂ ਤੇਜ਼ੀ ਨਾਲ ਪ੍ਰਵਾਸੀਆਂ ਦੀ ਪੰਜਾਬ ਵਿੱਚ ਆਮਦ ਹੋਈ ਹੈ। ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ੍ਹ ਰੁਖ ਹੈ। ਰਸਤਿਆਂ, ਬਜ਼ਾਰਾਂ, ਫੈਕਟਰੀਆਂ, ਉਸਾਰੀ ਦੇ ਕਾਰਜਾਂ ਵਿੱਚ ਗ਼ੈਰ-ਪੰਜਾਬੀ ਵਧੀਆ ਮਿਹਨਤ ਕਰ ਰਹੇ ਹਨ। ਮਿਹਨਤ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਪੰਜਾਬੀ ਸੱਭਿਆਚਾਰ ਦਾ ਸੰਕਲਪ ਹੈ। ਇੱਥੇ ਹੈਰਾਨੀ ਇਹ ਹੈ ਕਿ ਗ਼ੈਰ-ਪੰਜਾਬੀਆਂ ਨਾਲ ਬੋਲ-ਚਾਲ ਦੌਰਾਨ ਕੁੱਝ ਪੰਜਾਬੀ ਲੋਕ ਵੀ ਆਪਣੀ ਮਾਂ-ਬੋਲੀ ਦੀ ਵਰਤੋਂ ਨਹੀਂ ਕਰਦੇ ਹਨ। ਉਸ ਸਮੇਂ ਹੋਰ ਵੀ ਨਿਰਾਸ਼ਤਾ ਹੁੰਦੀ ਹੈ ਜਦੋਂ ਪੰਜਾਬ ਦੇ ਮਾਪੇ ਆਪਣੇ ਬੱਚਿਆਂ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਪੰਜਾਬੀ ਦੀ ਜਗ੍ਹਾ ਹੋਰ ਭਾਸ਼ਾ ਵਿੱਚ ਗੱਲਬਾਤ ਨੂੰ ਪਹਿਲ ਦਿੰਦੇ ਹਨ।