ਘਰੇਲੂ ਵਿਵਾਦ : ਜਵਾਈ ਨੇ ਸਹੁਰੇ ਦੇ ਘਰ ਨੂੰ ਡੀਜ਼ਲ ਛਿੜਕ ਕੇ ਲਾਈ ਅੱਗ
ਘਰੇਲੂ ਵਿਵਾਦ ਨੇ ਲਿਆ ਭਿਆਨਕ ਰੂਪ, ਜਵਾਈ ਵੱਲੋਂ ਸਹੁਰੇ ਦੇ ਘਰ ਨੂੰ ਡੀਜ਼ਲ ਛਿੜਕ ਕੇ ਲਗਾਈ ਅੱਗ
Publish Date: Thu, 23 Apr 2026 08:44 PM (IST)
Updated Date: Fri, 24 Apr 2026 04:11 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਇਆਲੀ ਕਲਾਂ ਇਲਾਕੇ ਦੇ ਬਾਬਾ ਨੰਦ ਸਿੰਘ ਨਗਰ ’ਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰੇਲੂ ਤਕਰਾਰ ਨੇ ਇਸ ਕਦਰ ਭਿਆਨਕ ਰੂਪ ਧਾਰ ਲਿਆ ਕਿ ਜਵਾਈ ਨੇ ਆਪਣੇ ਸਹੁਰੇ ਦੇ ਘਰ ਨੂੰ ਅੱਗ ਲਾ ਦਿੱਤੀ। ਇਸ ਘਟਨਾ ਕਾਰਨ ਘਰ ਦੇ ਕੀਮਤੀ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਸ਼ਿਕਾਇਤ ਰਾਜ ਕੁਮਾਰ ਸ਼ੁਕਲਾ ਵੱਲੋਂ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਆਰਤੀ ਦੀ ਸ਼ਾਦੀ ਆਸ਼ੀਸ਼ ਤਿਵਾੜੀ ਨਾਲ ਹੋਈ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਸ਼ੀਸ਼ ਦਾ ਰਵੱਈਆ ਬਦਲ ਗਿਆ ਤੇ ਉਹ ਆਰਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗਲਤ ਵਤੀਰਾ ਕਰਨ ਲੱਗ ਪਿਆ। ਸਮੇਂ ਦੇ ਨਾਲ ਇਹ ਤਕਰਾਰ ਵਧਦੀ ਗਈ ਤੇ ਦੋਵਾਂ ਪੱਖਾਂ ਵਿਚਕਾਰ ਰਿਸ਼ਤੇ ਬਹੁਤ ਖਰਾਬ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਘਰ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਉਸ ਦੀ ਪਤਨੀ ਸੰਗੀਤਾ ਨੇ ਉਸ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਘਰ ’ਚ ਅੱਗ ਲੱਗ ਗਈ ਹੈ, ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਘਰ ਦਾ ਬਹੁਤ ਸਾਰਾ ਸਾਮਾਨ ਸੜ ਚੁੱਕਾ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਸ਼ੀ ਆਸ਼ੀਸ਼ ਤਿਵਾਰੀ ਇੱਕ ਪਲਾਸਟਿਕ ਦੇ ਡੱਬੇ ’ਚ ਡੀਜ਼ਲ ਲੈ ਕੇ ਘਰ ’ਚ ਦਾਖਲ ਹੋਇਆ। ਉਸ ਨੇ ਪਹਿਲਾਂ ਘਰ ਦੇ ਸਾਮਾਨ ’ਤੇ ਡੀਜ਼ਲ ਛਿੜਕਿਆ ਤੇ ਫਿਰ ਅੱਗ ਲਾ ਦਿੱਤੀ। ਇਸ ਕਾਰਨ ਘਰ ’ਚ ਭਿਆਨਕ ਅੱਗ ਲੱਗ ਗਈ, ਜਿਸ ਨੇ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਰਾਭਾ ਨਗਰ ਥਾਣੇ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਲਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੌਰੀ ਕਾਰਵਾਈ ਕਰਦਿਆਂ ਦੋਸ਼ੀ ਆਸ਼ੀਸ਼ ਤਿਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਤੇ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਘਰੇਲੂ ਵਿਵਾਦ ਜੇ ਸਮੇਂ ਸਿਰ ਨਾ ਸੁਲਝਾਏ ਜਾਣ ਤਾਂ ਉਹ ਕਿੰਨੇ ਭਿਆਨਕ ਨਤੀਜੇ ਦੇ ਸਕਦੇ ਹਨ। ਇਲਾਕੇ ਦੇ ਲੋਕ ਵੀ ਇਸ ਘਟਨਾ ਤੋਂ ਬਾਅਦ ਸਹਿਮੇ ਹੋਏ ਹਨ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।