ਡੀਐੱਮਸੀਐੱਚ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚਲਾਈ ਰੁੱਖ ਲਾਉਣ ਦੀ ਮੁਹਿੰਮ
ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚਲਾਈ ਰੁੱਖ ਲਗਾਉਣ ਦੀ ਮੁਹਿੰਮ
Publish Date: Fri, 05 Jun 2026 09:41 PM (IST)
Updated Date: Sat, 06 Jun 2026 04:14 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਡੀਐਮਸੀਐਚ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਅਜਨੌਦ ਵਿਖੇ ਰੁੱਖ ਲਗਾਉਣ ਮੁਹਿੰਮ ਚਲਾਈ। ਪਿੰਡ ਦੀ ਜ਼ਮੀਨ ਤੇ 10,000 ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਹ ਮੁਹਿੰਮ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਵਾਤਾਵਰਣ ਸੰਭਾਲ ਪਹਿਲ ਦਾ ਹਿੱਸਾ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ 10 ਲੱਖ ਰੁੱਖ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਮਾਗਮ ’ਚ ਕਰੀਬ 80 ਵਿਅਕਤੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਮੈਡੀਕਲ ਪ੍ਰਸ਼ਾਸਕ, ਫੈਕਲਟੀ ਮੈਂਬਰ, ਡਾਕਟਰ, ਸਟਾਫ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਇਸ ਮੋਕੇ ਡਾ. ਨਰਿੰਦਰ ਏਡੀਸੀ, ਜੀਵਨ ਦੀਪ, ਅੰਬਰ ਬੰਦੋਪਾਧਿਆਏ, ਪਵਨੀਤ ਸਿੰਘ ਅਤੇ ਸ਼ਵੇਤਾ ਸਮੇਤ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਡੀਐੱਮਸੀਐੱਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਰੁੱਖ ਲਾਉਣਾ ਸਾਡੇ ਭਵਿੱਖ ’ਚ ਨਿਵੇਸ਼ ਕਰਨ ਦੇ ਬਰਾਬਰ ਹੈ। ਵਿਸ਼ਵ ਵਾਤਾਵਰਣ ਦਿਵਸ ਮੌਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਦੀ ਰੱਖਿਆ ਅਤੇ ਆਪਣੇ ਆਲੇ-ਦੁਆਲੇ ਨੂੰ ਹੋਰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਵਾਤਾਵਰਣਕ ਸੰਤੁਲਨ ਬਣਾਈ ਰੱਖਣ, ਹਵਾ ਦੀ ਗੁਣਵੱਤਾ ਸੁਧਾਰਨ, ਪਾਣੀ ਦੀ ਸੰਭਾਲ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਪਿਛਲੇ ਸਾਲ 5 ਜੂਨ ਨੂੰ ‘ਸੇਵ ਦ ਪਲੈਨੇਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੁਹਿੰਮ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੀ ਇਸ ਨਾਲ ਜੁੜ ਗਿਆ। ਹੁਣ ਦੋਵੇਂ ਸੰਸਥਾਵਾਂ ਮਿਲ ਕੇ ਜ਼ਿਲ੍ਹੇ ਵਿੱਚ 10 ਲੱਖ ਰੁੱਖ ਲਗਾਉਣ ਦੇ ਟੀਚੇ ਵੱਲ ਕੰਮ ਕਰ ਰਹੀਆਂ ਹਨ। ਡੀਐੱਮਸੀਐੱਚ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵੱਲੋਂ ਐੱਮਬੀਬੀਐੱਸ 2024 ਅਤੇ ਬੀਐੱਸਸੀ ਐਲਾਇਡ ਹੈਲਥਕੇਅਰ ਦੇ ਵਿਦਿਆਰਥੀਆਂ ਲਈ ਵਾਤਾਵਰਣ ਸਬੰਧੀ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਰੰਗੋਲੀ, ਰੋਲ ਪਲੇਅ, ਡਿਬੇਟ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਦਾ ਮਕਸਦ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।