ਟੀਬੀ ਦੇ ਖਾਤਮੇ ਲਈ ਜ਼ਿਲ੍ਹਾ ਪੱਧਰੀ ਮੀਟਿੰਗ
ਟੀਬੀ ਦੇ ਖਾਤਮੇ ਲਈ ਜ਼ਿਲ੍ਹਾ ਪੱਧਰੀ ਮੀਟਿੰਗ
Publish Date: Fri, 05 Jun 2026 07:08 PM (IST)
Updated Date: Sat, 06 Jun 2026 04:08 AM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ ਤਪਦਿਕ (ਟੀਬੀ) ਦੀ ਬਿਮਾਰੀ ਨੂੰ ਖਤਮ ਕਰਨ ਲਈ ਅਹਿਮ ਮੀਟਿੰਗ ਸਿਵਲ ਸਰਜਨ ਰਮਨਦੀਪ ਕੌਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਐਕਟਿਵ ਕੇਸ ਫਾਈਂਡਿੰਗ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਤੇ ਯੋਜਨਾ ਮੀਟਿੰਗ ਸਫਲਤਾਪੂਰਵਕ ਕੀਤੀ ਗਈ। ਜਾਣਕਾਰੀ ਦਿੰਦੇ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਇਹ ਮੀਟਿੰਗ ਵਰਲਡ ਹੈਲਥ ਪਾਰਟਨਰਜ਼ ਵੱਲੋਂ ਨੈਸ਼ਨਲ ਟਿਊਬਰਕੁਲੋਸਿਸ ਇਲੀਮੀਨੇਸ਼ਨ ਪ੍ਰੋਗਰਾਮ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਦਾ ਉਦੇਸ਼ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਤੇ ਜ਼ਿਲ੍ਹੇ ’ਚ ਟੀਬੀ ਦੀ ਸ਼ੁਰੂਆਤੀ ਪਛਾਣ ਨੂੰ ਬਿਹਤਰ ਬਣਾਉਣਾ ਹੈ। ਇਹ ਮੀਟਿੰਗ ਡਾ. ਰਮਨਦੀਪ ਕੌਰ, ਸਿਵਲ ਸਰਜਨ, ਲੁਧਿਆਣਾ ਤੇ ਡਾ. ਆਸ਼ੀਸ਼ ਚਾਵਲਾ, ਜ਼ਿਲ੍ਹਾ ਟੀਬੀ ਤੇ ਸਿਹਤ ਅਫ਼ਸਰ, ਲੁਧਿਆਣਾ ਦੀ ਨਿਗਰਾਨੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਰਲਡ ਹੈਲਥ ਪਾਰਟਨਰਜ਼ ਦੇ ਸਟੇਟ ਲੀਡ ਸੁਖਵਿੰਦਰ ਸਿੰਘ ਤੇ ਡਾ. ਮਨਦੀਪ ਕੌਰ ਵੱਲੋਂ ਸ਼ੁਰੂ ਕੀਤੀ ਗਈ। ਇਸ ਉੱਚ ਪੱਧਰੀ ਮੀਟਿੰਗ ’ਚ ਵੱਖ-ਵੱਖ ਸਰਕਾਰੀ ਵਿਭਾਗਾਂ, ਸਿਹਤ ਸੰਸਥਾਵਾਂ ਤੇ ਸਹਿਯੋਗੀ ਸੰਸਥਾਵਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਹਿੱਸਾ ਲਿਆ। ਹਾਜ਼ਰ ਸ਼ਖ਼ਸੀਅਤਾਂ ’ਚ ਡਿਪਟੀ ਕਮਿਸ਼ਨਰ ਦਫ਼ਤਰ ਤੋ ਅਦਿਤਿਆ ਯਾਦਵ, ਜ਼ਿਲ੍ਹਾ ਪ੍ਰੀਸ਼ਦ ਤੋਂ ਪਰਮਪ੍ਰੀਤ ਸਿੰਘ ਤੇ ਡਾ. ਆਨੰਦ, ਮਜ਼ਦੂਰ ਵਿਭਾਗ ਤੋਂ ਗੁਰਿੰਦਰ ਸਿੰਘ ਤੇ ਵਿਵੇਕ ਬਾਂਸਲ, ਰਮਨਦੀਪ ਕੌਰ ਤੇ ਮਾਸ ਮੀਡੀਆ ਅਫ਼ਸਰ ਰਾਜਿੰਦਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ’ਚ ਐੱਨਟੀਈਪੀ ਸਟਾਫ਼ ਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਾਗੀਦਾਰੀ ਕੀਤੀ, ਜਿਸ ਨਾਲ ਟੀਬੀ ਖਾਤਮੇ ਲਈ ਸਰਕਾਰੀ, ਨਿੱਜੀ ਤੇ ਸਮਾਜਿਕ ਖੇਤਰਾਂ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੋਇਆ। ਮੀਟਿੰਗ ਦੀ ਕਾਰਵਾਈ ਡਾ. ਮਨਦੀਪ ਕੌਰ, ਸਟੇਟ ਟੈਕਨੀਕਲ ਮੈਨੇਜਰ ਤੇ ਸੁਖਵਿੰਦਰ ਸਿੰਘ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤੀ ਗਈ। ਉਨ੍ਹਾਂ ਦੀ ਤਕਨੀਕੀ ਰਹਿਨੁਮਾਈ ਤੇ ਰਣਨੀਤਕ ਵਿਚਾਰਾਂ ਨੇ ਕਾਰਜ ਯੋਜਨਾ ਸਬੰਧੀ ਮਹੱਤਵਪੂਰਨ ਚਰਚਾਵਾਂ ਨੂੰ ਦਿਸ਼ਾ ਦਿੱਤੀ। ਸਮਾਗਮ ਦੇ ਸਫਲ ਆਯੋਜਨ ’ਚ ਲੁਧਿਆਣਾ ਏਸੀਐੱਫ ਟੀਮ ਨੇ ਅਹਿਮ ਭੂਮਿਕਾ ਨਿਭਾਈ। ਮੀਟਿੰਗ ਦਾ ਮੁੱਖ ਉਦੇਸ਼ ਵਿਭਾਗੀ ਤਾਲਮੇਲ ਨੂੰ ਮਜ਼ਬੂਤ ਕਰਨਾ ਤੇ ਲੁਧਿਆਣਾ ਜ਼ਿਲ੍ਹੇ ’ਚ ਇੰਟੀਗ੍ਰੇਟਿਡ ਪੀਡੀਐਟ੍ਰਿਕ ਟੀਬੀ ਤੇ ਐਕਟਿਵ ਕੇਸ ਫਾਈਂਡਿੰਗ ਪ੍ਰੋਜੈਕਟ ਨੂੰ ਲਾਗੂ ਕਰਨਾ ਸੀ। ਮੀਟਿੰਗ ਦੌਰਾਨ ਸਾਰੇ ਭਾਗੀਦਾਰਾਂ ਨੇ ਜ਼ਿਲ੍ਹਾ ਟੀਬੀ ਸੈੱਲ ਤੇ ਵਰਲਡ ਹੈਲਥ ਪਾਰਟਨਰਜ਼ ਨਾਲ ਮਿਲ ਕੇ ਐਕਟਿਵ ਕੇਸ ਫਾਈਂਡਿੰਗ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਇਹ ਸਾਂਝੀ ਕਾਰਜ ਯੋਜਨਾ ਸ਼ੁਰੂਆਤੀ ਪਛਾਣ, ਸਮੇਂ ਸਿਰ ਇਲਾਜ ਤੇ ਲੋਕ ਜਾਗਰੂਕਤਾ ਨੂੰ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਤੇ ਟੀਬੀ-ਮੁਕਤ ਲੁਧਿਆਣਾ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਮਦਦਗਾਰ ਸਾਬਤ ਹੋਵੇਗੀ।