ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਏਐੱਸ ਕਾਲਜ ਪ੍ਰੋ. ਗਗਨਦੀਪ ਸ਼ਰਮਾ ਦਾ ਰੂ-ਬਰੂ ਸਮਾਗਮ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਏਐੱਸ ਕਾਲਜ ਖੰਨਾ ’ਚ ਪ੍ਰੋ ਗਗਨਦੀਪ ਸ਼ਰਮਾ ਦਾ ਰੂਬਰੂ ਸਮਾਗਮ
Publish Date: Mon, 02 Feb 2026 06:44 PM (IST)
Updated Date: Tue, 03 Feb 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਭਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਵਿਭਾਗ ਦੁਆਰਾ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ’ਚ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਅਤੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ, ਏਐੱਸ ਕਾਲਜ ਖੰਨਾ ਦੇ ਸਾਂਝੇ ਉਪਰਾਲੇ ਵਜੋਂ ਕਾਲਜ ਵਿਖੇ ਪ੍ਰੋ. ਗਗਨਦੀਪ ਸ਼ਰਮਾ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਪੰਜਾਬੀ ਤੇ ਹਿੰਦੀ ਕਵਿਤਾ ’ਚ ਆਪਣਾ ਵਿਸ਼ੇਸ਼ ਸਥਾਨ ਰੱਖਣ ਵਾਲੇ ਪ੍ਰੋ. ਗਗਨਦੀਪ ਸ਼ਰਮਾ ਇਸ ਸਮੇਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਏਐੱਸ ਕਾਲਜ ਖੰਨਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀ ਵੀ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨਾਲ਼ ਪ੍ਰੋ. ਗਗਨਦੀਪ ਸ਼ਰਮਾ ਦੇ ਜੀਵਨ ਸਬੰਧੀ ਸਾਂਝ ਪੁਆਉਂਦਿਆਂ ਕਿਹਾ ਕਿ ਪੰਜਾਬ ਦੇ ਇੱਕ ਪਿੰਡ ਰਾਮਪੁਰ ਤੋਂ ਸਫ਼ਰ ਸ਼ੁਰੂ ਕਰਕੇ ਉਨਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖਿਆ ਤੇ ਸਾਹਿਤ ਦੇ ਖੇਤਰ ’ਚ ਆਪਣਾ ਨਾਮ ਰੌਸ਼ਨ ਕੀਤਾ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਕਿਸੇ ਵੱਡੇ ਮੁਕਾਮ ’ਤੇ ਪਹੁੰਚ ਕੇ ਇਸ ਤਰ੍ਹਾਂ ਕਾਲਜ ਦੇ ਵਿਹੜੇ ਆਉਣਾ ਸ਼ੁਭ ਸ਼ਗਨ ਹੈ। ਪ੍ਰੋ. ਗਗਨਦੀਪ ਸ਼ਰਮਾ ਨੇ ਵਿਦਿਆਰਥੀਆਂ ਨਾਲ਼ ਰੂਬਰੂ ਹੁੰਦਿਆਂ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਉਨਾਂ ਕਿਹਾ ਕਿ ਇਹ ਵੱਡੀ ਤਰੱਕੀ ਲਈ ਵੱਡੀਆਂ ਤੇ ਮਹਿੰਗੀਆਂ ਸੰਸਥਾਵਾਂ ’ਚ ਪੜ੍ਹਾਈ ਕਰਨ ਤੋਂ ਜ਼ਿਆਦਾ ਮਹੱਤਵਪੂਰਨ ਮਨ ’ਚ ਲੀਕ ਤੋਂ ਹਟ ਕੇ ਜ਼ਿੰਦਗੀ ਜਿਉਣ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਉਨ੍ਹਾਂ ਆਪਣੇ ਨਿੱਜੀ ਅਨੁਭਵ ਦੇ ਹਵਾਲੇ ਨਾਲ਼ ਦੱਸਿਆ ਕਿ ਕਿਵੇਂ ਇੱਕ ਸਧਾਰਨ ਵਿਦਿਆਰਥੀ ਹੋਣ ਦੇ ਬਾਵਜੂਦ ਇਸੇ ਜਜ਼ਬੇ ਕਾਰਨ ਦੁਨੀਆ ਭਰ ’ਚ ਆਤਮ-ਵਿਸ਼ਵਾਸ ਤੇ ਕਾਮਯਾਬੀ ਨਾਲ਼ ਵਿਚਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ ਉਹ ਹੰਗਰੀ, ਪੋਲੈਂਡ ਤੇ ਮਲੇਸ਼ੀਆ ਵਰਗੀਆਂ ਯੂਨੀਵਰਸਿਟੀਆਂ ’ਚ ਵਿਜਟਿੰਗ ਪ੍ਰੋਫੈਸਰ ਵਜੋਂ ਵੀ ਕਾਰਜ ਕਰ ਰਹੇ ਹਨ। ਪ੍ਰੋ ਗਗਨਦੀਪ ਸ਼ਰਮਾ ਨੇ ਅੱਗੇ ਕਿਹਾ ਕਿ ਘਰ ਦੇ ਮਾਹੌਲ ਕਰਕੇ ਉਹ ਕਾਮਰਸ ਦੇ ਵਿਦਿਆਰਥੀ ਹੁੰਦੇ ਹੋਏ ਵੀ ਸਾਹਿਤ ਅਤੇ ਸਿਰਜਣਾ ਨਾਲ਼ ਜੁੜੇ ਰਹੇ। ਉਨਾਂ ਨੇ ਇਨ੍ਹਾਂ ਹਵਾਲਿਆਂ ਨਾਲ਼ ਆਪਣੀਆਂ ਕੁਝ ਗ਼ਜ਼ਲਾਂ ਤੇ ਕਵਿਤਾਵਾਂ ਵੀ ਸਾਂਝਿਆਂ ਕੀਤੀਆਂ। ਉਨਾਂ ਨੂੰ ਕਾਵਿ-ਪੁਸਤਕ ‘ਇਕੱਲਾ ਨਹੀਂ ਹੁੰਦਾ ਬੰਦਾ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਵੀ ਹਾਸਿਲ ਹੋਇਆ। ਇਸ ਮੌਕੇ ਕਾਲਜ ਪ੍ਰਸ਼ਾ਼ਸ਼ਨ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਉਨਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ’ਚ ਪ੍ਰਿੰਸੀਪਲ ਕੇਕੇ ਸ਼ਰਮਾ ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਅਜੇ ਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਲਵਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਪੰਜਾਬੀ ਵਿਭਾਗ ਤੋਂ ਡਾ. ਮਨਦੀਪ ਕੌਰ ,ਪ੍ਰੋ. ਹਰਜੋਤ ਕੌਰ, ਪ੍ਰੋ. ਰਮਨਦੀਪ ਕੌਰ ਤੇ ਹੋਰ ਵਿਭਾਗਾਂ ਪ੍ਰੋ. ਰਵਿੰਦਰਜੀਤ ਸਿੰਘ, ਡਾ. ਸਿਵ ਕੁਮਾਰ, ਪ੍ਰੋ. ਮਨੂ ਵਰਮਾ, ਡਾ. ਮੋਹਿਤ ਕੁਮਾਰ, ਡਾ. ਯਾਸ਼ਮੀਨ ਸੋਫਤ, ਪ੍ਰੋ. ਰਜਨੀ ਕਾਂਤ ਸ਼ਰਮਾ ,ਪ੍ਰੋ. ਦਿਸ਼ਾ, ਡਾ. ਹਰਮਨਜੋਤ ਕੌਰ ਭੱਟੀ, ਡਾ. ਅਰੁਣ ਕੁਮਾਰ ਸ਼ਰਮਾ, ਡਾ. ਪ੍ਰਿੰਸਪਾਲ ਮੁਖੀਜਾ , ਡਾ. ਸ਼ਸ਼ੀ ਸ਼ਰਮਾ, ਪ੍ਰੋ. ਸੌਰਵ ਸ਼ਰਮਾ ਤੇ ਵਿਦਿਆਰਥੀ ਸ਼ਾਮਿਲ ਹੋਏ।