ਡੀਈਓ ਨੂੰ ਪੇਸ਼ ਹੋਣ ਲਈ ਦਿੱਤਾ ਹੁਕਮ
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੇਸ਼ ਹੋਣ ਲਈ ਦਿੱਤਾ ਹੁਕਮ
Publish Date: Wed, 28 Jan 2026 07:54 PM (IST)
Updated Date: Thu, 29 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੇ ਡਾਇਰੈਕਟਰ, ਸਿੱਖਿਆ ਵਿਭਾਗ (ਐਲੀਮੈਂਟਰੀ), ਪੰਜਾਬ ਨੂੰ ਭੇਜੇ ਲਿਖਤੀ ਹੁਕਮ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਕਮਿਸ਼ਨ ਵੱਲੋਂ ਲੁਧਿਆਣਾ ਸਥਿਤ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਤਾਇਨਾਤ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਖ਼ਿਲਾਫ਼ ਟੀਚਰ ਮਿਸ ਨਰਿੰਦਰਪਾਲ ਕੌਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜਾਰੀ ਕੀਤੇ ਹਨ। ਕਮਿਸ਼ਨ ਵੱਲੋਂ ਜਾਰੀ ਇੱਕ ਪੱਤਰ ’ਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਇਕ ਅਧਿਆਪਕਾ ਨੂੰ ਜਾਤੀਸੂਚਕ ਸ਼ਬਦਾਵਲੀ ਵਰਤਣ ਤੇ ਪ੍ਰਿੰਟ ਮੀਡੀਆ ’ਚ ਬਦਨਾਮ ਕਰਨ ਸਬੰਧੀ ਮਿਸ ਨਰਿੰਦਰਪਾਲ ਕੌਰ ਤੋਂ 27 ਜਨਵਰੀ 2026 ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ। ਇਸ ਸ਼ਿਕਾਇਤ ਦੀ ਮਿਤੀ 29 ਜਨਵਰੀ 2026 ਨੂੰ ਕਮਿਸ਼ਨ ਕੋਲ ਸੁਣਵਾਈ ਲਈ ਨਿਰਧਾਰਿਤ ਕੀਤੀ ਗਈ ਹੈ। ਕਮਿਸ਼ਨ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਨੂੰ ਨਿੱਜੀ ਪੱਧਰ ‘ਤੇ ਮਿਤੀ 29 ਜਨਵਰੀ 2026 ਨੂੰ ਕਮਿਸ਼ਨ ਦਫਤਰ ਵਿਖੇ ਪੇਸ਼ ਹੋ ਕੇ ਇਸ ਸ਼ਿਕਾਇਤ ਸਬੰਧੀ ਪੜਤਾਲ ਕਰਵਾ ਕੇ ਤੱਥ ਤੇ ਸੂਚਨਾ ਦੀ ਰਿਪੋਰਟ ਦੋ ਪੜਤਾਂ (ਇਕ ਅਸਲ ਤੇ ਇਕ ਫੋਟੋ ਕਾਪੀ) ਨਾਲ ਲੈ ਕੇ ਆਉਣ ਲਈ ਕਿਹਾ ਹੈ। ਪੱਤਰ ਅਨੁਸਾਰ ਜੇਕਰ ਉਕਤ ਅਨੁਸਾਰ ਪਾਲਣਾ ਨਹੀਂ ਕੀਤੀ ਜਾਂਦੀ, ਤਦ ਕਮਿਸ਼ਨ ਐਕਟ 2004 ਦੀ ਧਾਰਾ10 (1) ਤਹਿਤ ਪ੍ਰਦਾਨ ਸਿਵਲ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਪਾਬੰਦ ਹੋਵੇਗਾ।