ਪੇਂਡੂ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਹੁਕਮਾਂ ਦੀ ਅਣਦੇਖੀ
ਪੇਂਡੂ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਹੁਕਮਾਂ ਦੀ ਅਣਦੇਖੀ
Publish Date: Tue, 24 Feb 2026 09:10 PM (IST)
Updated Date: Wed, 25 Feb 2026 04:13 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਮਲੌਦ ਬਲਾਕ ਦੇ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਉਮਾ ਸ਼ੰਕਰ ਗੁਪਤਾ ਦੇ ਹੁਕਮਾਂ ਅਨੁਸਾਰ ਕਮਿਸ਼ਨ ਮੰਗਣ ਦੇ ਦੋਸ਼ ਤਹਿਤ 11-2-2026 ਨੂੰ ਮੁਅੱਤਲ ਕੀਤਾ ਗਿਆ ਸੀ ਤੇ ਮੁਅੱਤਲੀ ਦੌਰਾਨ ਉਹਨਾਂ ਨੂੰ ਹੈਡ ਕੁਆਟਰ ਦਫ਼ਤਰ ਉਪ- ਮੁੱਖ ਕਾਰਜਕਾਰੀ ਅਫਸਰ, ਜਿਲਾ ਪ੍ਰੀਸ਼ਦ ਦਫ਼ਤਰ ਲੁਧਿਆਣਾ ਵਿਖੇ ਹਾਜਿਰ ਹੋਣ ਦੀ ਹਦਾਇਤ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 12-13 ਦਿਨ ਬੀਤ ਜਾਣ ਤੇ ਵੀ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਅਜੇ ਤੱਕ ਮਲੌਦ ਬਲਾਕ ਵਿੱਚੋਂ ਰਿਲੀਵ ਨਹੀਂ ਕੀਤਾ ਗਿਆ, ਜੋ ਕਿ ਵਿਭਾਗ ਦੇ ਵਿਸ਼ੇਸ਼ ਸਕੱਤਰਾਂ ਦੇ ਹੁਕਮਾਂ ਦੀ ਅਣਦੇਖੀ ਕਹੀ ਜਾ ਸਕਦੀ ਹੈ। ਇਸ ਸਬੰਧੀ ਪੱਖ ਜਾਣਨ ਲਈ ਬੀ.ਡੀ.ਪੀ.ਓ. ਮਲੌਦ ਸੁਖਜੀਤ ਕੌਰ ਨੂੰ ਪੱਤਰਕਾਰਾਂ ਵੱਲੋਂ ਉਹਨਾਂ ਦੇ ਫੋਨ ਤੇ ਫੋਨ ਕੀਤਾ ਗਿਆ ਅਤੇ ਇਸ ਪੱਤਰਕਾਰ ਵੱਲੋਂ ਦਫਤਰ ਜਾ ਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਨਾ ਤਾਂ ਫੋਨ ਤੇ ਕੋਈ ਜੁਆਬ ਦਿਤਾ ਤੇ ਨਾ ਹੀ ਮੌਕੇ ਉਪਰ ਗਏ ਪੱਤਰਕਾਰ ਨੂੰ ਵੀਡੀਓ ਕਾਨਫਰੰਸ ਦੀ ਗੱਲ ਆਖ ਕੇ ਕੋਈ ਸਪੱਸ਼ਟੀਕਰਣ ਨਹੀਂ ਦਿਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਪੰਚਾਇਤ ਅਫਸਰ ਨੂੰ ਬਤੌਰ ਸਕੱਤਰ ਵੀ ਕੁਝ ਪਿੰਡਾਂ ਦੇ ਕੰਮ ਕਰਨ ਦੇ ਆਰਡਰ ਜਾਰੀ ਹੋ ਚੁੱਕੇ ਸਨ। ਇਥੇ ਹੀ ਬਸ ਨਹੀਂ ਸੋਸਲ ਮੀਡੀਏ ਉੱਪਰ ਉਕਤ ਪੰਚਾਇਤ ਅਫਸਰ ਦਾ ਨੌਕਰੀ ਪ੍ਰਾਪਤ ਕਰਨ ਲਈ ਜਾਂ ਕਿਸੇ ਹੋਰ ਮਸਲੇ ਲਈ ਬਣਿਆ ਹੋਇਆ ਹੈਂਡੀਕੈਪਟ ਸਰਟੀਫਿਕੇਟ ਵੀ ਘੁੰਮ ਰਿਹਾ ਹੈ। ਉਕਤ ਪੰਚਾਇਤ ਅਫ਼ਸਰ ਦੀ ਪਹੁੰਚ ਹੀ ਅਜਿਹੀ ਹੈ ਕਿ ਮੁਅੱਤਲ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਹਿਲੇ ਸਟੇਸ਼ਨ ਤੇ ਹੀ ਬੈਠੇ ਹਨ। ਜਿਕਰਯੋਗ ਹੈ ਕਿ ਇਕ ਸਰਪੰਚ ਵੱਲੋਂ ਲਗਾਏ ਕਮਿਸ਼ਨ ਮੰਗਣ ਦੇ ਕਥਿਤ ਦੋਸ਼ਾ ਤੇ ਇੱਕ ਜਿਲਾ ਪ੍ਰਧਾਨ ਦੀ ਸਿਫਾਰਿਸ਼ ਉਪਰ ਸਬੰਧਿਤ ਮੰਤਰੀ ਦੀ ਹਦਾਇਤ ਤੇ ਵਿਭਾਗ ਵਿਸ਼ੇਸ਼ ਸਕੱਤਰ ਵੱਲੋਂ ਮੁਅੱਤਲੀ ਦੇ ਹੁਕਮ ਜਾਰੀ ਹੋਏ ਹਨ, ਪਰ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਰਪੰਚ, ਜ਼ਿਲਾ ਪ੍ਰਧਾਨ, ਕੈਬਨਿਟ ਮੰਤਰੀ ਅਤੇ ਵਿਸ਼ੇਸ਼ ਸਕੱਤਰ ਤੋਂ ਵੱਡੀ ਉਹ ਕਿਹੜੀ ਪਾਵਰ ਹੈ, ਜਿਸ ਕਾਰਣ ਬੀ.ਡੀ.ਪੀ.ਓ. ਮਲੌਦ ਵੱਲੋਂ ਅਜੇ ਤੱਕ ਪੰਚਾਇਤ ਅਫ਼ਸਰ ਨੂੰ ਰਿਲੀਵ ਨਹੀਂ ਕੀਤਾ ਗਿਆ।