ਕਾਵਿ ਪੁਸਤਕ ‘ਕਾਲ ਨਾਚ’ ’ਤੇ ਵਿਚਾਰ ਗੋਸ਼ਟੀ ਕਰਵਾਈ
ਕਾਵਿ ਪੁਸਤਕ ‘ਕਾਲ ਨਾਚ’ ’ਤੇ ਵਿਚਾਰ ਗੋਸ਼ਟੀ ਕਰਵਾਈ
Publish Date: Mon, 06 Apr 2026 06:14 PM (IST)
Updated Date: Mon, 06 Apr 2026 06:16 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਸੰਵਾਦ-1 ਅਧੀਨ ਡਾ. ਪਰਮਜੀਤ ਸਿੰਘ ਸੋਹਲ ਦੀ ਕਾਵਿ ਪੁਸਤਕ ‘ਕਾਲ ਨਾਚ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਅਰੁਣ ਮਿੱਤਰਾ, ਡਾ. ਪਾਲ ਕੌਰ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਗੁਰਪ੍ਰੀਤ ਸਿੰਘ ਤੂਰ ਨੇ ਸਾਂਝੇ ਤੌਰ ’ਤੇ ਕੀਤੀ। ਡਾ. ਅਰੁਣ ਮਿੱਤਰਾ ਪ੍ਰਧਾਨ ਇੰਡੀਅਨ ਡਾਕਟਰਜ਼ ਆਫ਼ ਪੀਸ ਐਂਡ ਡਿਵੈਲਪਮੈਂਟ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਦੁਨੀਆ ਬਾਰੂਦ ਦੇ ਭੰਡਾਰ ’ਤੇੇ ਬੈਠੀ ਹੈ। ਕੋਈ ਵੀ ਹਥਿਆਰਬੰਦ ਪ੍ਰਕ੍ਰਿਆ ਨਾਲ ਆਲਮੀ ਜੰਗ ਦਾ ਖਤਰਾ ਪੈਦਾ ਹੋ ਜਾਂਦਾ ਹੈ। ਪੁਸਤਕ ਸਬੰਧੀ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਲਸਤੀਨ ਦੇ ਲੋਕਾਂ, ਬੱਚਿਆਂ, ਔਰਤਾਂ, ਡਾਕਟਰਾਂ, ਪੱਤਰਕਾਰਾਂ ’ਤੇ ਹੋਏ ਅਸਹਿ ਜ਼ੁਲਮਾਂ ਬਾਰੇ ਭਾਵੇਂ ਉਨ੍ਹਾਂ ਬੜਾ ਵਿਸਤਿ੍ਰਤ ਰੂਪ ਵਿੱਚ ਲਿਖਿਆ ਹੈ ਪਰ ਡਾ. ਪਰਮਜੀਤ ਸਿੰਘ ਸੋਹਲ ਨੇ ਇੱਕ ਕਵੀ ਵਜੋਂ ਲੋਕਾਈ ਦੀ ਸੰਵੇਦਨਾ ਨੂੰ ਵਧੇਰੇ ਟੁੰਬਵੀਆਂ ਕਵਿਤਾਵਾਂ ਲਿਖੀਆਂ ਹਨ ਅਤੇ ਜੰਗ ਦੇ ਖ਼ਿਲਾਫ਼ ਲੋਕਾਂ ਨੂੰ ਉੱਠ ਖੜੇ ਹੋਣ ਲਈ ਬੜੀ ਪ੍ਰਭਾਵਸ਼ਾਲੀ ਆਵਾਜ਼ ਮਾਰੀ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪਰਮਜੀਤ ਸੋਹਲ ਭਾਵੇਂ ਲੰਮੇਂ ਸਮੇਂ ਤੋਂ ਸਾਡਾ ਸਮਕਾਲੀ ਹੋ ਕੇ ਲਿਖ ਰਿਹਾ ਹੈ ਪਰ ਇਸ ਕਿਤਾਬ ਨਾਲ ਉਸ ਦਾ ਕੱਦ ਵੀ ਉੱਚਾ ਹੋਇਆ ਹੈ ਤੇ ਉਹ ਵਧੇਰੇ ਸਪੱਸ਼ਟ ਤੌਰ ’ਤੇ ਜੰਗ ਮਾਰੀ ਲੋਕਾਈ ਦੇ ਅੰਗਸੰਗ ਆ ਖੜਾ ਹੋਇਆ ਹੈ। ਪੁਸਤਕ ਬਾਰੇ ਦੋ ਵਿਦਵਾਨਾਂ ਨੇ ਲਿਖ ਕੇ ਪੇਪਰ ਪੇਸ਼ ਕੀਤੇ ਜਿਨ੍ਹਾਂ ਵਿੱਚੋਂ ਡਾ. ਜਗਵਿੰਦਰ ਜੋਧਾ ਨੇ ਸਾਡੇ ਸਮਿਆਂ ਦੇ ਚਿੰਤਨ ਅਤੇ ਪੁਸਤਕ ਵਿਚ ਬੜੀਆਂ ਸੰਵੇਦਨਸ਼ੀਲ ਕਵਿਤਾਵਾਂ ਦੇ ਹਵਾਲੇ ਨਾਲ ਕਿਹਾ ਕਿ ਡਾ. ਪਰਮਜੀਤ ਸੋਹਲ ਨੇ ਇਹ ਕਿਤਾਬ ਲਿਖ ਕੇ ਆਪਣੇ ਅੰਦਰ ਚੱਲ ਰਹੇ ਸੰਘਰਸ਼ ’ਤੇ ਜਿੱਤ ਪ੍ਰਾਪਤ ਕਰ ਲਈ ਹੈ। ਡਾ. ਸੰਦੀਪ ਸ਼ਰਮਾ ਨੇ ਆਪਣੇ ਪੇਪਰ ਵਿੱਚ ਡਾ. ਸੋਹਲ ਦੀਆਂ ਕਵਿਤਾਵਾਂ ਅਤੇ ਸਾਡੇ ਲੋਕਾਂ ਦੀ ਜੰਗ ਵਿਰੋਧੀ ਭਾਵਾਂ ਨੂੰ ਅਤੇ ਦੂਨੀਆ ਭਰ ਵਿਚ ਚੱਲ ਰਹੇ ਜੰਗ ਵਿਰੋਧੀ ਵਿਚਾਰਾਂ ਨਾਲ ਮੇਲਦਿਆਂ ਕਵਿਤਾਵਾਂ ਦੀ ਕਾਵਿਕਤਾ ਦੀ ਗਹਿਰਾਈ ’ਤੇ ਇੱਕ ਤਰੀਕੇ ਨਾਲ ਮੋਹਰ ਲਗਾਈ ਹੈ। ਇਸ ਮੌਕੇ ਡਾ. ਪਰਮਜੀਤ ਸਿੰਘ ਸੋਹਲ ਨੇ ਆਪਣੀ ਚੋਣਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਇਸ ਸੈਸ਼ਨ ਵਿੱਚ ਕਰਵਾਇਆ ਜਾਣ ਵਾਲਾ ਇਹ ਪਹਿਲਾ ਸੰਵਾਦ ਹੈ। ‘ਕਾਲ ਨਾਚ‘ ਪੁਸਤਕ ਸੰਵਾਦ ਦੀ ਬਹਿਸ ਸ਼ੁਰੂ ਕਰਦਿਆਂ ਅਕਾਡਮੀ ਦੀ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਜੰਗ ਦਾ ਖਾਸਾ ਜਮਾਤੀ ਹੁੰਦਾ ਹੈ। ਪੁਸਤਕ ਵਿੱਚ ਕਵੀ ਬਕਾਇਦਾ ਪੀੜਤ ਧਿਰ ਨਾਲ ਖੜਾ ਨਜ਼ਰ ਆਉਦਾ ਹੈ। ਮਨਦੀਪ ਕੌਰ ਭੰਮਰਾ ਨੇ ਕਿਹਾ ਕਿ ਇਹ ਮੁਲਕਾਂ ਦੀ ਆਪਸੀ ਆਲਮੀ ਜੰਗ ਵਿੱਚ ਸੌੜੇ ਹਿੱਤਾਂ ਹਿੱਤ ਕੀਤੇ ਜਾ ਰਹੇ ਕਹਿਰ ਦੀ ਬਹੁਤ ਦਰਦ ਭਿੰਨੀ ਕਾਵਿਕ ਗਾਥਾ ਹੈ। ਗੁਰਵਿੰਦਰ ਜੋਤ ਗੈਰੀ, ਪ੍ਰੋ. ਜਗਮੋਹਨ ਸਿੰਘ ਨੇ ਵੀ ਬਹਿਸ ’ਚ ਭਾਗ ਲਿਆ। ਡਾ. ਗੁਰਇਕਬਾਲ ਸਿੰਘ ਨੇ ਹਾਜ਼ਰੀਨ ਦਾ ਕੀਤਾ ਧੰਨਵਾਦ ਇਸ ਮੌਕੇ ਸੰਖੇਪ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਜਸਦੇਵ ਲਲਤੋਂ, ਅਮਰਜੀਤ ਸਿੰਘ ਸ਼ੇਰਪੁਰੀ, ਤ੍ਰੈਲੋਚਨ ਲੋਚੀ ਅਤੇ ਮਨਦੀਪ ਔਲਖ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਅਖ਼ੀਰ ’ਚ ਡਾ. ਗੁਰਇਕਬਾਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਕੈਲੇ, ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਦੀਪ ਜਗਦੀਪ ਸਿੰਘ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ ਕੌਰ , ਰਵਿੰਦਰ ਰਵੀ, ਤਰਲੋਚਨ ਝਾਂਡੇ, ਦਲੀਪ ਅਵਧ, ਮੀਤ ਅਨਮੋਲ, ਡਾ.ਗੁਰਪ੍ਰੀਤ ਰਤਨ, ਨਰੇਸ਼ ਗੌੜ, ਦਰਸ਼ਨ ਸਿੰਘ ਬੋਪਾਰਾਏ, ਵਿਜੈ ਕੁਮਾਰ ਦੱਤਾ, ਪਰਮਜੀਤ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ ਬਰਮਾਲੀਪੁਰ, ਸਤਨਾਮ ਸਿੰਘ, ਭੂਪਿੰਦਰ ਸਿੰਘ, ਦਾਨ ਸਿੰਘ, ਅਜੀਤ ਸਿੰਘ, ਗੁਰਜੀਤ ਸਿੰਘ, ਨਿਸ਼ਾ, ਅਮਨਦੀਪ ਕੌਰ ਸਮੇਤ ਕਾਫ਼ੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਸ਼ਾਮਲ ਸਨ।