‘ਮੌਜੂਦਾ ਰਾਜ ਪ੍ਰਬੰਧ ਵਿੱਚ ਔਰਤਾਂ ਦੀ ਦਾਸਤਾਨ’ ਵਿਸ਼ੇ ’ਤੇ ਵਿਚਾਰ ਚਰਚਾ 8 ਨੂੰ
‘ਮੌਜੂਦਾ ਰਾਜ ਪ੍ਰਬੰਧ ਵਿੱਚ ਔਰਤਾਂ ਦੀ ਦਾਸਤਾਨ’ ਵਿਸ਼ੇ ‘ਤੇ ਵਿਚਾਰ ਚਰਚਾ 8 ਨੂੰ
Publish Date: Fri, 06 Mar 2026 06:21 PM (IST)
Updated Date: Fri, 06 Mar 2026 06:24 PM (IST)

ਸਟਾਫ ਪ੍ਰਤੀਨਿੱਧੀ, ਪੰਜਾਬੀ ਜਾਗਰਣ, ਲੁਧਿਆਣਾ : ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਮੀਟਿੰਗ ਦੌਰਾਨ ਕੀਤੇ ਫ਼ੈਸਲੇ ਅਨੁਸਾਰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਕਰਵਾਈ ਜਾ ਰਹੀ ਵਿਚਾਰ ਗੋਸ਼ਟੀ ਦੇ ਮੁੱਖ ਬੁਲਾਰੇ ਵਜੋਂ ਸਮਾਜ ਚਿੰਤਕ ਸੁਰਿੰਦਰ ਕੌਰ ਜੈ ਪਾਲ ਸੰਬੋਧਨ ਕਰਨਗੇ। ਇਸ ਗੋਸ਼ਟੀ ਦਾ ਵਿਸ਼ਾ ‘ਮੌਜੂਦਾ ਰਾਜ ਪ੍ਰਬੰਧ ਵਿੱਚ ਔਰਤਾਂ ਦੀ ਦਾਸਤਾਨ’ ਹੋਵੇਗਾ, ਜਿਸ ਦੌਰਾਨ ਔਰਤਾਂ ਦੇ ਹੋ ਰਹੇ ਸ਼ੋਸ਼ਣ ਬਾਰੇ ਸਰਕਾਰਾਂ ਅਤੇ ਸਮਾਜ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਅਸਲ ਤਸਵੀਰ ਚਰਚਾ ਵਿੱਚ ਲਿਆਂਦੀ ਜਾਵੇਗੀ। ਔਰਤ ਜੋ ਸਮਾਜ ਦਾ ਅੱਧਾ ਹਿੱਸਾ ਹਨ, ਦੀ ਕਿਰਤ ਨੂੰ ਅਣਗੌਲਿਆ ਕਰ ਕੇ ਸਮਾਜ ਦੇ ਵਿਕਾਸ ਵਿੱਚ ਪਾਏ ਜਾ ਰਹੇ ਘਰੇਲੂ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉੱਚ ਅਹੁਦਿਆਂ ’ਤੇ ਨਿਯੁਕਤ ਔਰਤਾਂ ਨੂੰ ਵੀ ਅਕਸਰ ਲਿੰਗ, ਜਾਤੀ ਕਾਰਣ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਕਾਰਾਂ ਵੱਲੋਂ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਦੀ ਥਾਂ, ਗ਼ਰੀਬ ਵਰਗ ਦੀਆਂ ਔਰਤਾਂ ਜੋ ਮਨਰੇਗਾ ਵਰਗੀਆਂ ਸਕੀਮਾਂ ਵਿੱਚ ਕੰਮ ਕਰਕੇ ਘਰ ਦੀ ਰੋਟੀ ਰੋਜ਼ੀ ਕਮਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਵੱਡਾ ਹਿੱਸਾ ਪਾ ਰਹੀਆਂ ਹਨ, ਉਨ੍ਹਾਂ ਦੇ ਰੁਜ਼ਗਾਰ ਵੀ ਖਤਮ ਕੀਤੇ ਜਾ ਰਹੇ ਹਨ। ਔਰਤਾਂ ਦੀਆਂ ਇਨ੍ਹਾਂ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਅਗਲੀਆਂ ਸੰਭਾਵਨਾਵਾਂ ਦੀ ਵਿਉਂਤਬੰਦੀ ਕਰਨ ਲਈ ਵੀ ਇਹ ਗੋਸ਼ਟੀ ਸਹਾਈ ਹੋਵੇਗੀ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਨੇ ਦੱਸਿਆ ਕਿ ਇਸ ਸਮਾਗਮ ਦੀ ਸੰਚਾਲਨਾ ਔਰਤਾਂ ਵੱਲੋਂ ਹੀ ਕੀਤੀ ਜਾਵੇਗੀ। ਮੀਟਿੰਗ ਵਿੱਚ ਅਜਮੇਰ ਦਾਖਾ, ਡਾ. ਹਰਬੰਸ ਗਰੇਵਾਲ, ਬਲਵਿੰਦਰ ਸਿੰਘ, ਮਾਸਟਰ ਸੁਰਜੀਤ ਸਿੰਘ, ਡਾ. ਵਿਨੋਦ ਵਸ਼ਿਸ਼ਟ, ਮਾਸਟਰ ਜਰਨੈਲ ਸਿੰਗ਼ ਹਰਪ੍ਰੀਤ ਜ਼ੀਰਖ, ਅਰੁਣ ਕੁਮਾਰ, ਰਾਕੇਸ਼ ਆਜ਼ਾਦ ਸਮੇਤ ਹੋਰ ਸ਼ਾਮਲ ਸਨ।