ਡੀਜ਼ਲ ਸਟੋਵ ਫੱਟਣ ਕਾਰਨ ਵਾਪਰਿਆ ਹਾਦਸਾ, ਨੌਜਵਾਨ ਝੁਲਸਿਆ, ਹਾਲਤ ਨਾਜ਼ੁਕ
ਗੈਸ ਸਿਲੰਡਰ ਖਤਮ ਹੋਣ ਕਰਕੇ ਕੀਤੀ ਡੀਜ਼ਲ ਸਟੋਵ ਦੀ ਵਰਤੋਂ, ਸਟੋਵ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ
Publish Date: Wed, 25 Mar 2026 08:08 PM (IST)
Updated Date: Thu, 26 Mar 2026 04:08 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਕੰਗਣਵਾਲ ਇਲਾਕੇ ’ਚ ਪੁਰਾਣੀ ਚੁੰਗੀ ਨੇੜੇ ਬੀਤੀ ਰਾਤ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਘਰ ’ਚ ਖਾਣਾ ਬਣਾਉਂਦੇ ਸਮੇਂ ਅਚਾਨਕ ਡੀਜ਼ਲ ਵਾਲਾ ਸਟੋਵ ਫੱਟਣ ਕਾਰਨ 22 ਸਾਲਾ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੌਜਵਾਨ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਤੇ ਉਹ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਦੀ ਪਛਾਣ ਚੰਦਨ ਕੁਮਾਰ ਵਜੋਂ ਹੋਈ ਹੈ, ਜੋ ਆਪਣੇ ਚਾਚਾ ਮਿਥੁਨ ਨਾਲ ਕੰਗਣਵਾਲ ’ਚ ਪੁਰਾਣੀ ਚੁੰਗੀ ਨੇੜੇ ਰਹਿੰਦਾ ਸੀ ਤੇ ਉਨ੍ਹਾਂ ਨਾਲ ਟਾਇਰ ਪੈਂਚਰ ਲਗਾਉਣ ਦਾ ਕੰਮ ਕਰਦਾ ਸੀ। ਮੰਗਲਵਾਰ ਰਾਤ ਘਰ ’ਚ ਰਸੋਈ ਗੈਸ ਖ਼ਤਮ ਹੋ ਜਾਣ ਕਾਰਨ ਉਨ੍ਹਾਂ ਖਾਣਾ ਬਣਾਉਣ ਲਈ ਪੁਰਾਣੇ ਡੀਜ਼ਲ ਸਟੋਵ ਦੀ ਵਰਤੋਂ ਕੀਤੀ। ਜਿਵੇਂ ਹੀ ਚੰਦਨ ਨੇ ਸਟੋਵ ਜਲਾਇਆ, ਅਚਾਨਕ ਉਸ ’ਚ ਭਿਆਨਕ ਧਮਾਕਾ ਹੋ ਗਿਆ ਤੇ ਕਮਰੇ ’ਚ ਅੱਗ ਫੈਲ ਗਈ। ਨੇੜੇ ਖੜ੍ਹਾ ਚੰਦਨ ਇਸ ਦੀ ਸਿੱਧੀ ਲਪੇਟ ’ਚ ਆ ਗਿਆ। ਚੰਦਨ ਦੇ ਚਾਚਾ ਮਿਥੁਨ ਨੇ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਮਦਦ ਲਈ ਦੌੜ ਪਏ। ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਗੰਭੀਰ ਤੌਰ ’ਤੇ ਝੁਲਸੇ ਚੰਦਨ ਨੂੰ ਤੁਰੰਤ ਆਟੋ ਰਾਹੀਂ ਸਾਹਨੇਵਾਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁਢਲੇ ਇਲਾਜ ਮਗਰੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।