ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ’ਚ ਜੱਪ ਤੱਪ ਚੌਪਹਿਰਾ ਸਮਾਗਮ
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਜੱਪ ਤੱਪ ਚੌਪਹਿਰਾ ਸਮਾਗਮ ਵਿੱਚ ਸੰਗਤਾਂ ਸ਼ਰਧਾ ਨਾਲ ਭਰੀ ਹਾਜ਼ਰੀ
Publish Date: Wed, 01 Apr 2026 08:50 PM (IST)
Updated Date: Thu, 02 Apr 2026 04:14 AM (IST)

ਫੋਟੋ- 23 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਜੱਪ ਤੱਪ ਚੌਪਹਿਰਾ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਹਾਜ਼ਰੀ ਭਰਦਿਆਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਅਤੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ। ਇਸ ਮੌਕੇ ਬੀਬੀਆਂ ਦੇ ਜੱਥਿਆਂ ਵੱਲੋਂ ਸੰਗਤੀ ਰੂਪ ਵਿੱਚ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਕੀਤੇ ਗਏ, ਜਿਸ ਨਾਲ ਸਮੂਹ ਵਾਤਾਵਰਣ ਗੁਰਬਾਣੀ ਦੀ ਰਸਨਾ ਨਾਲ ਗੂੰਜ ਉਠਿਆ। ਸੰਗਤਾਂ ਨੇ ਨਾਮ ਸਿਮਰਨ ਕਰਦਿਆਂ ਗੁਰੂ ਘਰ ਦੀਆਂ ਬਖਸ਼ਿਸਾਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰ ਨੇ ਕਿਹਾ ਕਿ ਜੱਪ ਤੱਪ ਅਤੇ ਨਾਮ ਸਿਮਰਨ ਨਾਲ ਮਨੁੱਖ ਦੇ ਜੀਵਨ ਨੂੰ ਅਸਲ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿਖਾਏ ਮਾਰਗ ’ਤੇ ਚੱਲਦਿਆਂ ਸਾਨੂੰ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜ ਕੇ ਸਮਾਜ ਵਿੱਚ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਇਸ ਮੌਕੇ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰਪਾਲ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ , ਜਸਵਿੰਦਰ ਸਿੰਘ ਸੇਠੀ, ਅਮਰਪਾਲ ਸਿੰਘ ਸਰਨਾ, ਹਰਵਿੰਦਰਪਾਲ ਸਿੰਘ ਚਾਵਲਾ ਸਮੇਤ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ।